ਪਟਿਆਲਾ : ਪ੍ਰੋ (ਡਾ.) ਰਮਨ ਮੈਣੀ ਨੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਦੇ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।ਅਹੁਦਾ ਸੰਭਾਲਣ ਮੌਕੇ ਡੀਨ ਅਕਾਦਮਿਕ ਮਾਮਲੇ ਅਤੇ ਰਜਿਸਟਰਾਰ ਵਜੋਂ ਕਾਰਜਸ਼ੀਲ ਪ੍ਰੋ. ਅਸ਼ੋਕ ਤਿਵਾੜੀ ਤੋਂ ਇਲਾਵਾ ਇੰਚਾਰਜ ਵਿੱਤ ਡਾ. ਪਰਮੋਦ ਅਗਰਵਾਲ, ਮੁੱਖ ਸੁਰੱਖਿਆ ਅਤੇ ਟਰਾਂਸਪੋਰਟ ਅਫ਼ਸਰ ਕੈਪਟਨ ਗੁਰਤੇਜ, ਇੰਚਾਰਜ ਵਹੀਕਲ ਪਾਸ ਸੈੱਲ ਡਾ. ਗੌਤਮ ਸੂਦ, ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਅਤੇ ਵੱਖ-ਵੱਖ ਅਧਿਆਪਨ ਫੈਕਲਟੀ ਮੈਂਬਰ ਹਾਜ਼ਰ ਸਨ।
ਪ੍ਰੋ. ਮੈਣੀ ਨੇ ਵਾਈਸ ਚਾਂਸਲਰ ਸ਼੍ਰੀ ਕੇ.ਕੇ.ਯਾਦਵ, ਆਈ.ਏ.ਐੱਸ ਦਾ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਪ੍ਰੋਫ਼ੈਸਰ ਮੈਣੀ ਕੋਲ 24 ਸਾਲਾਂ ਤੋਂ ਵੱਧ ਅਧਿਆਪਨ ਦਾ ਤਜਰਬਾ ਹੈ ਜਿਸ ਵਿੱਚ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਪ੍ਰੋਫੈਸਰ ਵਜੋਂ 12 ਸਾਲਾਂ ਤੋਂ ਵੱਧ ਦਾ ਤਜਰਬਾ ਹਾਸਿਲ ਹੈ। ਉਨ੍ਹਾਂ ਤਿੰਨ ਸਾਲ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਸੇਵਾ ਕੀਤੀ ਹੈ। ਪ੍ਰੋਫੈਸਰ ਮੈਣੀ ਨੇ 8 ਪੀ-ਐੱਚ.ਡੀ ਅਤੇ 28 ਐੱਮ.ਟੈਕ ਥੀਸਿਸ ਅਤੇ 130 ਤੋਂ ਵੱਧ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਕਾਸ਼ਨਾਵਾਂ ਵਿੱਚ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਹੈ।