ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਫੋਰਟਿਸ ਹਸਪਤਾਲ, ਮੋਹਾਲੀ ਨਾਲ਼ ਕੀਤੇ ਹੋਏ ਆਪਣੇ ਇਕਰਾਰਨਾਮੇ ਨੂੰ ਹੋਰ ਤਿੰਨ ਸਾਲਾਂ ਲਈ ਨਵਿਆਇਆ ਹੈ। ਫੋਰਟਿਸ ਮੋਹਾਲੀ ਨੇ ਦੋ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਇਹ ਇਕਰਾਰਨਾਮਾ ਕੀਤਾ ਸੀ ਜਿਸ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ਼ ਸੰਬੰਧਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਸੀ. ਜੀ. ਐੱਚ. ਐੱਸ. ਦਰਾਂ ਉੱਤੇ ਇਲਾਜ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਨਵੇਂ ਨੇਮਾਂ ਅਨੁਸਾਰ ਇਹ ਇਕਰਾਰਨਾਮਾ ਤਿੰਨ ਸਾਲਾਂ ਲਈ ਹੋਵੇਗਾ ਜਿਸ ਤਹਿਤ ਕਾਰਡੀਓਲੌਜੀ ਅਤੇ ਸੀ.ਟੀ.ਵੀ.ਐੱਸ, ਓਨਕੋਲੋਜੀ ਆਦਿ ਸਮੇਤ ਪੰਜ ਵਿਸ਼ੇਸ਼ ਖੇਤਰਾਂ ਵਿੱਚ ਸੀ. ਜੀ. ਐੱਚ. ਐੱਸ. ਦਰਾਂ ਉੱਤੇ ਇਲਾਜ ਹੋਵੇਗਾ ਜਦੋਂ ਕਿ ਬਾਕੀ ਸਹੂਲਤਾਂ 'ਤੇ ਛੋਟ ਦਿੱਤੀ ਜਾਵੇਗੀ। ਸੀਨੀਅਰ ਮੈਡੀਕਲ ਅਫਸਰ ਡਾ. ਰੇਗੀਨਾ ਮੈਣੀ ਨੇ ਕਿਹਾ ਕਿ ਉਨ੍ਹਾਂ ਫੋਰਟਿਸ ਹਸਪਤਾਲ, ਮੋਹਾਲੀ ਸਮੇਤ 48 ਹਸਪਤਾਲਾਂ ਨਾਲ ਅਜਿਹਾ ਇਕਰਾਰਨਾਮਾ ਕਰਵਾਇਆ ਹੈ ਜੋ ਕਿ ਲਾਹੇਵੰਦ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਹੂਲਤਾਂ ਮੁਲਾਜ਼ਮਾਂ ਅਤੇ ਉਨ੍ਹਾਂ ਉੱਤੇ ਨਿਰਭਰ ਪਰਿਵਾਰਾਂ ਅਤੇ ਮੌਜੂਦਾ ਸਮੇਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਡੀਨ ਅਕਾਦਮਿਕ ਮਾਮਲੇ/ਰਜਿਸਟਰਾਰ ਪ੍ਰੋ. ਅਸ਼ੋਕ ਤਿਵਾੜੀ ਨੇ ਇਸ ਇਸ ਸੰਬੰਧੀ ਯੂਨੀਵਰਸਿਟੀ ਵਿਚਲੇ ਭਾਈ ਘਨਈਆ ਸਿਹਤ ਕੇਂਦਰ ਵੱਲੋਂ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।