ਭਿੱਖੀਵਿੰਡ : ਪੰਜਾਬ ਸਰਕਾਰ ਵੱਲੋਂ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੇ ਸਰਕਾਰੀ ਕਾਰਡ ਬਣਾਉਣ ਵਿੱਚ ਵੱਡੀ ਕਟੌਤੀ ਕਰਨ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ 19 ਜੁਲਾਈ ਦਿਨ ਸ਼ੁਕਰਵਾਰ ਨੂੰ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵੱਲੋ ਇੱਕ ਰੋਸ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਚੰਡੀਗੜ੍ਹ ਪੰਜਾਬ ਜਰਨਲਿਸਟ ਅਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਵਿੰਦਰ ਸਿੰਘ ਬਲੇਹਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਅਤੇ ਪਹਿਲੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਪੰਜਾਬ ਸਰਕਾਰ ਵਾਂਝਿਆ ਕਰ ਰਹੀ ਹੈ, 1997 ਵਿੱਚ ਜਦੋਂ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਸਰਕਾਰੀ ਬੱਸਾਂ ਵਿੱਚ ਫਰੀ ਸਫਰ ਕਰਨ ਲਈ ਵਿਸ਼ੇਸ਼ ਪ੍ਰਕਾਰ ਦੇ ਪਾਸ ਜਾਰੀ ਕੀਤੇ ਸਨ ਤੇ ਨਾਲ ਹੀ ਪੱਤਰਕਾਰਾਂ ਨੂੰ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿੱਥੇ ਪੱਤਰਕਾਰਾਂ ਨੂੰ ਬੀਮੇ ਦੀ ਸਹੂਲਤ ਵੀ ਦਿੱਤੀ ਉਥੇ ਪਹਿਲੀਆਂ ਮਿਲਦੀਆਂ ਸਹੂਲਤਾਂ ਵੀ ਜਾਰੀ ਰੱਖੀਆ ਗਈਆਂ। ਉਹਨਾ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਬਦਲਾਅ ਵਾਲੀ ਸਰਕਾਰ ਹੋਂਦ ਵਿੱਚ ਆਈ ਹੈ ਇਸ ਨੇ ਹਰ ਵਰਗ ਦੀਆਂ ਸਹੂਲਤਾਂ ਵਿੱਚ ਕਟੌਤੀ ਕਰਨ ਦੇ ਨਾਲ ਨਾਲ ਪੱਤਰਕਾਰਾਂ ਦੇ ਸ਼ਨਾਖਤੀ ਕਾਰਡਾਂ ਤੇ ਵੀ ਟੋਕਾ ਫੇਰ ਕੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਦੀ ਭਾਵਨਾ ਪੈਦਾ ਕੀਤੀ ਹੈ। ਸਰਕਾਰੀ ਅਫਸਰਸ਼ਾਹੀ ਵੱਲੋ ਕੀਤੀ ਜਾ ਰਹੀ ਇਸ ਵਧੀਕੀ ਕਾਰਨ ਪੱਤਰਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ 19 ਜੁਲਾਈ ਦਿਨ ਸ਼ੁਕਰਵਾਰ ਨੂੰ ਭਿੱਖੀਵਿੰਡ ਵਿਖੇ ਸਮੂਹ ਪੱਤਰਕਾਰ ਭਾਈਚਾਰਾ ਸਵੇਰੇ 10 ਵਜੇ ਰੋਸ ਮਾਰਚ ਕਰਕੇ ਹਲਕਾ ਖੇਮਕਰਨ ਦੇ ਵਿਧਾਇਕ ਸ੍ਰ ਸਰਵਨ ਸਿੰਘ ਧੁੰਨ ਨੂੰ ਮੰਗ ਪੱਤਰ ਸੌਂਪੇਗਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨਾਲ ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਕਈ ਵਾਰੀ ਸਮਾਂ ਮੰਗਿਆ ਗਿਆ ਪਰ ਢਾਈ ਸਾਲਾਂ ਵਿੱਚ ਮੁੱਖ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ।