ਸਟਾਪ ਡਾਇਰੀਆ " ਮੁਹਿੰਮ ਅਧੀਨ ਡੋਰ-ਟੂ-ਡੋਰ ਫੈਲਾਈ ਜਾ ਰਹੀ ਜਾਗਰੂਕਤਾ
ਫ਼ਤਹਿਗੜ੍ਹ ਸਾਹਿਬ : ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਗੰਦੇ ਪਾਣੀ ਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ " ਸਟਾਪ ਡਾਇਰੀਆ " ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਜ਼ਿਲ੍ਹੇ ਵਿੱਚ ਹੈਜੇ ਵਰਗੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ " ਸਟਾਪ ਡਾਇਰੀਆ " ਮੁਹਿੰਮ ਸਬੰਧੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਹੈਜੇ ਦੀ ਬਿਮਾਰੀ ਦੀ ਰੋਕਥਾਮ ਵਾਸਤੇ ਜਾਗਰੂਕ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਘਰ-ਘਰ ਜਾ ਕੇ ਲੋਕਾਂ ਨੂੰ ਡਾਇਰੀਆ ਫੈਲਣ ਤੋਂ ਰੋਕਣ ਸਬੰਧੀ ਜਾਗਰੂਕ ਕਰ ਰਹੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਦੇ ਘਰਾਂ ਅੰਦਰ ਪੀਣ ਵਾਲੇ ਪਾਣੀ ਦੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ। ਸ਼੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਹਿਲਾਂ ਹੀ ਪੀਣ ਵਾਲੇ ਪਾਣੀ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਟੈਲੀਫੋਨ ਨੰਬਰ ਜਾਰੀ ਕੀਤੇ ਗਏ ਹਨ ਤਾਂ ਜੋ ਨਾਗਰਿਕਾਂ ਨੂੰ ਪੀਣ ਲਈ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਸਕੇ ਤੇ ਪਾਣੀ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ। ਉਨ੍ਹਾਂ ਹੋਰ ਦੱਸਿਆ ਕਿ ਹੈਜੇ ਦੀ ਬਿਮਾਰੀ ਦੀ ਰੋਕਥਾਮ ਲਈ ਜਾਗਰੂਕਤਾ ਫੈਲਾਉਣ ਵਾਸਤੇ ਬਣਾਈਆਂ ਗਈਆਂ ਟੀਮਾਂ ਵੱਲੋਂ ਖੇੜਾ ਬਲਾਕ ਦੇ ਪਿੰਡ ਭੈਰੋਂਪੁਰ, ਗੁਰੂ ਨਾਨਕ ਨਗਰ, ਬਸੀ ਪਠਾਣਾ ਬਲਾਕ ਦੇ ਪਿੰਡ ਰੈਲੀ ਤੇ ਬਹੇੜ ਵਿਖੇ ਡੋਰ-ਟੂ-ਡੋਰ ਮੁਹਿੰਮ ਚਲਾਈ ਗਈ ਤੇ ਲੋਕਾਂ ਨੂੰ ਡਾਇਰੀਆ ਦੀ ਰੋਕਥਾਮ ਲਈ ਜਾਗਰੂਕ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਡਾਇਰੀਆ ਦੀ ਰੋਕਥਾਮ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਾਫ ਸਫਾਈ ਰੱਖੀ ਜਾਵੇ ਅਤੇ ਘਰਾਂ ਨੇੜੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਸਮੂਹ ਨਾਗਰਿਕ ਆਪਣੇ ਘਰਾਂ ਵਿੱਚ ਵਰਤੇ ਜਾਣ ਵਾਲੇ ਕੂਲਰਾਂ ਦੀ ਰੋਜ਼ਾਨਾਂ ਸਾਫ ਸਫਾਈ ਯਕੀਨੀ ਬਣਾਉਣ ਤਾਂ ਜੋ ਮੱਛਰਾਂ ਨਾਲ ਬਿਮਾਰੀਆਂ ਨਾ ਫੈਲ ਸਕਣ। ਉਨ੍ਹਾਂ ਦੱਸਿਆ ਕਿ ਡਾਇਰੀਆ ਦੀ ਰੋਕਥਾਮ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਕਿ ਉਹ ਜ਼ਿਲ੍ਹੇ ਦੇ ਲੋਕਾਂ ਨੂੰ ਡਾਇਰੀਆ ਦੀ ਰੋਕਥਾਮ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ।