ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਵੱਲੋਂ ਯੂਨੀਵਰਸਿਟੀ ਦੇ ਮੋਹਾਲੀ ਸਥਿਤ ਕੇਂਦਰ ਦਾ ਦੌਰਾ ਕੀਤਾ ਗਿਆ। ਉਨ੍ਹਾਂ ਆਪਣੇ ਇਸ ਦੌਰੇ ਦੌਰਾਨ 2024-25 ਸੈਸ਼ਨ ਦੇ ਦਾਖ਼ਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਜ਼ਿਕਰਯੋਗ ਹੈ ਕਿ ਇਸ ਵਾਰ ਇਸ ਕੇਂਦਰ ਦੇ ਦਾਖ਼ਲਿਆਂ ਵਿੱਚ ਚੋਖਾ ਵਾਧਾ ਹੋਇਆ ਹੈ। ਪ੍ਰੋ. ਏ. ਕੇ. ਤਿਵਾੜੀ ਨੇ ਇਸ ਗੱਲ ਉੱਤੇ ਖੁਸ਼ੀ ਅਤੇ ਤਸੱਲੀ ਪ੍ਰਗਟਾਈ ਕਿ ਇਸ ਕੇਂਦਰ ਵਿੱਚ ਪਿਛਲੇ ਸੈਸ਼ਨ ਦੌਰਾਨ ਦਾਖ਼ਲਿਆਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਹੁਣ ਤੱਕ ਬੀ. ਐੱਸ. ਸੀ ਕੰਪਿਊਟਰ ਸਾਇੰਸ ਵਿੱਚ 50 ਦਾਖ਼ਲੇ ਹੋ ਚੁੱਕੇ ਹਨ। ਇਸੇ ਤਰ੍ਹਾਂ ਐੱਮ.ਬੀ.ਏ. ਦੇ ਕੋਰਸ ਵਿੱਚ ਵੀ ਚੰਗੇ ਦਾਖ਼ਲੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਸ੍ਰੀ ਕੇ. ਕੇ. ਯਾਦਵ ਦੀ ਅਗਵਾਈ ਵਿੱਚ ਹੁਣ ਇਹ ਕੇਂਦਰ ਤਰੱਕੀ ਦੀਆਂ ਲੀਹਾਂ ਉੱਤੇ ਪੈ ਚੁੱਕਿਆ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਇਸ ਕੇਂਦਰ ਦੀ ਫ਼ੈਕਲਟੀ ਅਤੇ ਅਮਲੇ ਨੂੰ ਦਿੰਦਿਆਂ ਕਿਹਾ ਕਿ ਇੱਥੇ ਤੈਨਾਤ ਸਮੂਹ ਅਧਿਆਪਨ ਅਤੇ ਗ਼ੈਰ ਅਧਿਆਪਨ ਅਮਲਾ ਪੂਰੀ ਪ੍ਰਤਿਬੱਧਤਾ ਨਾਲ਼ ਵਿਦਿਆਰਥੀਆਂ ਦੀ ਅਗਵਾਈ ਵਿੱਚ ਕਾਰਜਸ਼ੀਲ ਹੈ ਜਿਸ ਦੇ ਕਿ ਭਵਿੱਖ ਵਿੱਚ ਹੋਰ ਵੀ ਬਿਹਤਰ ਅਤੇ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ। ਪ੍ਰੋ. ਏ. ਕੇ. ਤਿਵਾੜੀ ਨੇ ਇਹ ਵੀ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਉਹ ਯੂਨੀਵਰਸਿਟੀ ਦੇ ਹੋਰ ਵੱਖ-ਵੱਖ ਕੇਂਦਰਾਂ ਦਾ ਵੀ ਦੌਰਾ ਕਰਨਗੇ ਤਾਂ ਕਿ ਦਾਖ਼ਲਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਇਸ ਸਬੰਧੀ ਸਮੇਂ ਸਿਰ ਲੋੜੀਂਦੇ ਕਦਮ ਉਠਾਇਆ ਜਾ ਸਕਣ।