ਪਟਿਆਲਾ : ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਕੌਰ ਅਤੇ ਜ਼ਿਲ੍ਹੇ ਦੇ ਸਮੂਹ ਖੁਰਾਕ ਸਪਲਾਈ ਇੰਸਪੈਕਟਰਾਂ ਨਾਲ ਮੀਟਿੰਗ ਕੀਤੀ ਅਤੇ ਸਰਕਾਰ ਦੀਆਂ ਚੱਲ ਰਹੀਆਂ ਸਕੀਮਾਂ ਦੀ ਸਮੀਖਿਆ ਕੀਤੀ।ਜਿਸ ਦੌਰਾਨ ਸਬੰਧਤ ਮਹਿਕਮੇ ਦੇ ਅਫ਼ਸਰਾਂ ਵੱਲੋਂ ਜਿਲ੍ਹੇ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਗਿਆ।
ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 253088 ਨੀਲੇ ਕਾਰਡ ਹਨ। ਜਿੰਨਾ ਵਿਚੋਂ 976565 ਨੀਲੇ ਕਾਰਡ ਧਾਰਕਾਂ ਮੈਂਬਰ ਨੂੰ 5 ਕਿੱਲੋ ਪ੍ਰਤੀ ਮੈਂਬਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕਣਕ ਦਿੱਤੀ ਜਾ ਰਹੀ ਹੈ ਅਤੇ ਜੋ ਕਾਰਡ ਮਾਰਕਫੈਡ ਨੂੰ ਦਿੱਤੇ ਗਏ ਸਨ ਹੁਣ ਉਹ ਵਾਪਸ ਰਾਸ਼ਨ ਡੀਪੂਆਂ ਨੂੰ ਦਿਤੇ ਗਏ ਹਨ ਤਾਂ ਜੋ ਖਪਤਕਾਰਾਂ ਨੂੰ ਰਾਸ਼ਨ ਲੈਣ ਸਮੇਂ ਕਿਸੇ ਵੀ ਤਰਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਹੁਣ ਰਾਸ਼ਨ ਕਾਰਡ ਧਾਰਕਾਂ ਨੂੰ ਮਹੀਨਾ ਅਗਸਤ ਤੇ ਸਤੰਬਰ ਦੌਰਾਨ 3 ਮਹੀਨਿਆਂ ਦੀ ਕਣਕ ਵੰਡੀ ਜਾਵੇਗੀ।
ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਨ ਕਾਰਡ ਧਾਰਕਾਂ ਨੂੰ ਬਿਨਾ ਕਿਸੇ ਪੱਖਪਾਤ ਤੋਂ ਸਮੇਂ ਸਿਰ ਕਣਕ ਦਿੱਤੀ ਜਾਵੇ ਤਾਂ ਜੋ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਅਨਾਜ ਦਾ ਲੋੜਵੰਦ ਲੋਕਾਂ ਨੂੰ ਸਹੀ ਲਾਭ ਮਿਲ ਸਕੇ।ਇਸ ਮੌਕੇ ਉਨਾਂ ਕਿਸੇ ਵੀ ਪਿੰਡ ਜਾਂ ਵਾਰਡਾਂ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੇ ਘਰ ਦੀ ਬਜਾਏ ਆਪਣੇ ਰਾਸਨ ਡੀਪੂ ਜਾਂ ਕਿਸੇ ਸਾਂਝੀ ਥਾਂ ਤੇ ਕਣਕ ਵੰਡਣ ਦੇ ਅਫ਼ਸਰਾਂ ਨੂੰ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਹੋਰ ਚੱਲ ਰਹੀਆਂ ਸਕੀਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ।ਇਸ ਮੌਕੇ ਬਿਕਰਮਜੀਤ ਸਿੰਘ ਇੰਨਵੈਸਟੀਗੇਟਰ ਦਫ਼ਤ਼ਰ ਉਪ ਅਰਥ ਅਤੇ ਅੰਕੜਾ ਸਲਾਹਕਾਰ ਵੀ ਮੀਟਿੰਗ ਵਿੱਚ ਹਾਜ਼ਰ ਰਹੇ।