ਵਟਸ ਐਪ ਅਤੇ ਹੋਰ ਆਧੁਨਿਕ ਐਪਸ ਰਾਹੀਂ ਕਿਸਾਨਾਂ ਤੱਕ ਪਹੁੰਚਾਈ ਜਾਵੇਗੀ ਮਸ਼ੀਨਰੀ ਸਬੰਧੀ ਜਾਣਕਾਰੀ : ਡਿਪਟੀ ਕਮਿਸ਼ਨਰ
ਡੇਲਾਇਟ ਕੰਪਨੀ ਨਾਲ ਪਰਾਲੀ ਪ੍ਰਬੰਧਨ ਸਬੰਧੀ ਬਣਾਈ ਜਾਣ ਵਾਲੀ ਰਣਨੀਤੀ ਸਬੰਧੀ ਡਿਪਟੀ ਕਮਿਸ਼ਨਰ ਨੇ ਕੀਤੀ ਚਰਚਾ
ਪਰਾਲੀ ਪ੍ਰਬੰਧਨ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਹੁਣੇ ਤੋਂ ਹੀ ਸਮਾਂ ਸਾਰਣੀ ਤਿਆਰ ਕੀਤੀ ਜਾਵੇ: ਸ਼ੌਕਤ ਅਹਿਮਦ ਪਰੇ
ਪਟਿਆਲਾ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੱਜ ਜ਼ਿਲ੍ਹੇ ਅੰਦਰ ਪਰਾਲੀ ਪ੍ਰਬੰਧਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਡੇਲਾਇਟ ਕੰਪਨੀ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਪਰਾਲੀ ਪ੍ਰਬੰਧਨ ਲਈ ਤਿਆਰ ਕੀਤੀ ਜਾ ਰਹੀ ਯੋਜਨਾ 'ਤੇ ਚਰਚਾ ਕੀਤੀ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚਤਿੰਨ ਲੱਖ 22 ਹਜ਼ਾਰ ਹੈਕਟੇਅਰਰਕਬੇ ਵਿੱਚ ਝੋਨੇ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਅਤੇ ਇਸ ਵਿਚੋਂ 6 ਫ਼ੀਸਦੀ ਰਕਬਾ ਬਾਸਮਤੀ ਹੇਠ ਅਤੇ 94 ਫ਼ੀਸਦੀ 'ਚ ਝੋਨੇ ਦੀਆਂ ਹੋਰ ਕਿਸਮਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਤਕਰੀਬਨ 15 ਲੱਖ ਮੀਟਰਿਕ ਟਨ ਪਰਾਲੀ ਪੈਦਾ ਹੁੰਦੀ ਹੈ ਜਿਸ ਦਾ ਐਕਸ ਸੀਟੂ ਅਤੇ ਇੰਨ ਸੀਟੂ ਤਕਨੀਕ ਨਾਲ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਤਕਨੀਕਾਂ ਨਾਲ ਪਰਾਲੀ ਦਾ ਨਿਪਟਾਰਾ ਕਰਨ ਲਈ ਜ਼ਰੂਰੀ ਹੈ ਕਿ ਉਪਲਬਧ ਮਸ਼ੀਨਰੀ ਦੀ ਪੂਰੀ ਸਮਰੱਥਾ ਨਾਲ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਡੇਲਾਇਟ ਕੰਪਨੀ ਜਿਸ ਵੱਲੋਂ ਕਿਸਾਨਾਂ ਤੱਕ ਪਹੁੰਚ ਬਣਾਉਣ ਲਈ ਨਵੀਨਤਮ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਤੱਕ ਪਹੁੰਚ ਬਣਾਉਣ ਲਈ ਹੁਣੇ ਤੋਂ ਹੀ ਸਮਾਂ ਸਾਰਣੀ ਤਿਆਰ ਕੀਤੀ ਜਾਵੇ ਕਿ ਕਿਹੜੇ ਦਿਨ ਕਿਹੜਾ ਕੰਮ ਕੀਤਾ ਜਾਣਾ ਹੈ ਤਾਂ ਜੋ ਵਾਢੀ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਵਟਸ ਐਪ ਰਾਹੀਂ ਅਤੇ ਹੋਰ ਆਧੁਨਿਕ ਐਪਸ ਦੀ ਮਦਦ ਨਾਨ ਕਿਸਾਨਾਂ ਤੱਕ ਉਪਲਬਧ ਮਸ਼ੀਨਰੀ ਦੀ ਜਾਣਕਾਰੀ ਪਹੁੰਚਾਉਣ ਲਈ ਡੇਲਾਇਟ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਕਿਸਾਨਾਂ ਲਈ ਲਾਂਚ ਕੀਤਾ ਜਾਵੇ ਜਾਵੇਗਾ। ਇਸ ਮੌਕੇ ਡੇਲਾਇਟ ਕੰਪਨੀ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਸਬੰਧੀ ਜਾਣਕਾਰੀ ਦੇਣ ਅਤੇ ਮਸ਼ੀਨਰੀ ਬੁੱਕ ਕਰਵਾਉਣ ਸਬੰਧੀ ਤਿਆਰ ਕੀਤੀ ਗਈ ਐਪ ਸਬੰਧੀ ਡੈਮੋ ਦਿੱਤਾ ਗਿਆ, ਜਿਸ ਨਾਲ ਜਿਥੇ ਉਪਲਬਧ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕੇ, ਉਥੇ ਹੀ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ। ਉਨ੍ਹਾਂ ਸੀ. ਆਰ. ਐਮ. ਗਤੀਵਿਧੀਆਂ ਸਬੰਧੀ ਤਿਆਰ ਕੀਤੀ ਗਈ ਆਪਣੀ ਰਿਪੋਰਟ ਵੀ ਮੀਟਿੰਗ ਦੌਰਾਨ ਪੇਸ਼ ਕੀਤੀ। ਡੀ.ਸੀ. ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਜੀਵਨ, ਵਾਤਾਵਰਣ ਤੇ ਧਰਤੀ ਨੂੰ ਸੰਭਾਲਣ ਲਈ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਜਾਂ ਜਮੀਨ ਵਿੱਚ ਹੀ ਵਾਹੁਣ ਲਈ ਆਪਣੀ ਸੋਚ ਬਦਲਣੀ ਪਵੇਗੀ। ਉਨ੍ਹਾਂ ਨੇ ਹਾਜ਼ਰੀਨ ਦੇ ਸੁਝਾਓ ਵੀ ਜਾਣੇ। ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਡੀ.ਡੀ.ਐਫ ਨਿਧੀ ਮਲਹੋਤਰਾ, ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰਪਾਲ ਸਿੰਘ ਚੱਠਾ, ਪੀ.ਐਸ.ਸੀ.ਬੀ ਤੋਂ ਮੋਹਿਤ ਕੁਮਾਰ, ਡੇਲਾਈਟ ਕੰਪਨੀ ਤੋਂ ਵੀਰਾਲ ਠੱਕਰ, ਦੇਬਾਸ਼ੀਸ਼ ਬਿਸਵਾਸ, ਵਿਵੇਕ ਮਿੱਤਲ, ਪ੍ਰਤੀਕ ਕੰਵਲ, ਐਸ. ਸੈਨਗੁਪਤਾ, ਸ਼ੇਨੀਲਾ ਕੰਨੂਮਲੀ, ਸਵਰਨੀਮ ਨੇਵਾ, ਗਰੀਮਾ ਰਾਵਤ ਤੇ ਪ੍ਰਕਾਸ਼ ਝਾਅ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।