ਮੋਹਾਲੀ : ਜ਼ਿਲ੍ਹੇ ਵਿੱਚ ਹੈਜ਼ਾ ਅਤੇ ਡਾਇਰੀਆ ਦੇ ਕੇਸ ਸਾਹਮਣੇ ਆਉਣ ਬਾਅਦ ਮੰਗਲਵਾਰ ਸ਼ਾਮ ਨੂੰ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਨਗਰ ਨਿਗਮ ਦੀ ਕਮਿਸ਼ਨਰ ਨਵਜੋਤ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਕੀਤੀ ਅਤੇ ਸ਼ਹਿਰ ਅਤੇ ਜ਼ਿਲ੍ਹੇ ਵਿੱਚ ਡਾਇਰੀਆ ਅਤੇ ਹੈਜ਼ੇ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ 15 ਰੈਪਿਡ ਰਿਸਪਾਂਸ ਮੈਡੀਕਲ ਟੀਮਾਂ (ਹਰੇਕ ਸਬ ਡਿਵੀਜ਼ਨ ਲਈ ਪੰਜ) ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਜੋ ਹਾਟ ਸਪਾਟ ਖੇਤਰਾਂ ਦਾ ਦੌਰਾ ਕਰਨਗੀਆਂ ਤਾਂ ਜੋ ਜ਼ਿਲ੍ਹਾ ਨਿਵਾਸੀਆਂ ਨੂੰ ਸੁਚੇਤ ਕਰਨ ਵਰਗੀਆਂ ਗਤੀਵਿਧੀਆਂ ਅਤੇ ਡੋਰ ਟੂ ਡੋਰ ਸਰਵੇ ਅਤੇ ਸੈਂਪਲਿੰਗ ਬਾਰੇ ਜਾਗਰੂਕ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹੈਜ਼ਾ ਅਤੇ ਡਾਇਰੀਆ ਦਾ ਕਾਰਨ ਦੂਸ਼ਿਤ ਪਾਣੀ ਬਣਦਾ ਹੈ, ਇਸ ਲਈ ਲੋਕਾਂ ਨੂੰ ਬਾਰਸ਼ ਦੇ ਮੌਸਮ ਚ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਵੱਲ ਧਿਆਨ ਦੇਣ ਲਈ ਵਿਸ਼ੇਸ਼ ਤੌਰ ਤੇ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਨੇ ਇਹ ਜਾਗਰੂਕਤਾ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਕਰਨ ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ, ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਜ) ਹਰਮਿੰਦਰ ਸਿੰਘ ਹੁੰਦਲ, ਸਿਵਲ ਸਰਜਨ ਡਾ ਦਵਿੰਦਰ ਕੁਮਾਰ ਪੁਰੀ ਤੇ ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਹਰਮਨ ਵੀ ਮੌਜੂਦ ਸਨ।