ਪਟਿਆਲਾ : ਭਾਰਤੀ ਦੇ ਆਈ.ਵੀ.ਐਫ ਮਾਹਿਰਾਂ ਦੀ ਨੁਮਾਇੰਦਗੀ ਕਰਦੇ ਹੋਏ, ਪਟਿਆਲਾ ਦੇ ਗਾਇਨੀ ਮਾਹਰ ਡਾ. ਮੋਨਿਕਾ ਵਰਮਾ ਨੇ ਯੂਰੋਪੀਅਨ ਸੋਸਾਇਟੀ ਆਫ਼ ਹਿਊਮਨ ਰਿਪ੍ਰੋਡਕਸ਼ਨ ਐਂਡ ਐਂਬ੍ਰਾਇਓਲੋਜੀ (ਈਐਸਐਚਆਰਈ) ਦੀ ਸਾਲਾਨਾ ਕਾਨਫ਼ਰੰਸ ਵਿੱਚ ਐਮਸਟਰਡਮ ਨੀਦਰਲੈਂਡ ਵਿਖੇ ਆਈ.ਵੀ.ਐਫ ਮਰੀਜ਼ਾਂ ਵਿੱਚ ਜੰਮੇ ਹੋਏ ਭਰੂਣ ਟਰਾਂਸਫ਼ਰ ਕਰਨ ਲਈ ਅਪਣਾਈ ਜਾਂਦੀ ਵਿਧੀ ’ਤੇ ਆਪਣਾ ਖੋਜ ਪ੍ਰੋਜੈਕਟ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਡਾ. ਮੋਨਿਕਾ ਵਰਮਾ ਨੇ ਲਗਾਤਾਰ ਛੇਵੇਂ ਸਾਲ ਈ.ਐਸ.ਐਚ.ਆਰ.ਈ. ਦੀ ਸਲਾਨਾ ਕਾਨਫ਼ਰੰਸ ਵਿੱਚ ਆਈ.ਵੀ.ਐਫ ਵਿੱਚ ਆਪਣਾ ਕਲੀਨੀਕਲ ਕੰਮ ਪੇਸ਼ ਕੀਤਾ ਹੈ। ਇਸ ਕਾਨਫ਼ਰੰਸ ਵਿੱਚ 11 ਹਜ਼ਾਰ ਮਾਹਰ ਸ਼ਾਮਲ ਹੋਏ, ਜਿਨ੍ਹਾਂ ਵਿੱਚ 800 ਦੇ ਖੋਜ ਕਾਰਜਾਂ ਨੂੰ ਸਵੀਕਾਰਿਆ ਗਿਆ ਅਤੇ ਇਨ੍ਹਾਂ ਵਿਚੋਂ ਪਟਿਆਲਾ ਦੇ ਪ੍ਰਸਿੱਧ ਗਾਇਨੀ ਮਾਹਰ ਡਾ. ਮੋਨਿਕਾ ਵਰਮਾ ਦੇ ਖੋਜ ਪੱਤਰ ਸ਼ਾਮਲ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮੋਨਿਕਾ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪਿਛਲੇ ਦੋ ਸਾਲਾਂ ਤੋਂ ਇਸ ਖੋਜ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ ਅਤੇ ਇਸ ਵਿਧੀ ਦਾ ਮੁੱਖ ਮਕਸਦ ਆਸਾਨ, ਸੁਰੱਖਿਅਤ ਅਤੇ ਸਫਲਤਾਪੂਰਵਕ ਗਰਭ ਅਵਸਥਾ ਕਾਇਮ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪ੍ਰੋਜੈਕਟ ਆਈਵੀਐਫ ਦਾ ਇੱਕ ਸਰਲ, ਸੁਰੱਖਿਅਤ ਅਤੇ ਸਫਲ ਪ੍ਰੋਟੋਕੋਲ ਹੈ, ਜੋ ਆਈਵੀਐਫ ਗਰਭ ਅਵਸਥਾ ਦੌਰਾਨ ਮਾਂ ਅਤੇ ਬੱਚੇ ਵਿੱਚ ਜਟਿਲਤਾਵਾਂ ਦੇ ਜੋਖ਼ਮ ਨੂੰ ਘੱਟ ਕਰਦਾ ਹੈ। ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਵਿੱਚ ਇਸ ਦੀ ਮਾਹਿਰਾਂ ਵੱਲੋਂ ਬਹੁਤ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਵਿਧੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਵੀ.ਐਫ ਗਰੱਭਧਾਰਣ ਦੀ ਇੱਕ ਪ੍ਰਕਿਰਿਆ ਹੈ ਜਿੱਥੇ ਇੱਕ ਅੰਡੇ ਨੂੰ ਸਰੀਰ ਦੇ ਬਾਹਰ ਇੱਕ ਸ਼ੁਕਰਾਣੂ ਨਾਲ ਜੋੜਿਆ ਜਾਂਦਾ ਹੈ, ਜਿਸ ਨੂੰ ਆਮ ਤੌਰ 'ਤੇ ਟੈਸਟ-ਟਿਊਬ ਬੇਬੀ ਕਿਹਾ ਜਾਂਦਾ ਹੈ।