ਬਿਹਤਰ ਸਿਹਤ ਸਹੂਲਤਾਂ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ, ਜਮੀਨੀ ਪੱਧਰ 'ਤੇ ਦੇਖੀਆਂ ਮੁਸ਼ਕਿਲਾਂ ਦਾ ਕੀਤਾ ਹੱਲ
ਰਾਜਿੰਦਰਾ ਹਸਪਤਾਲ 'ਚ ਬਨਣ ਵਾਲੇ ਟਰੌਮਾ ਸੈਂਟਰ ਤੇ ਕ੍ਰਿਟੀਕਲ ਕੇਅਰ ਯੂਨਿਟ ਹੋਣਗੇ ਸਟੇਟ ਆਫ਼ ਦੀ ਆਰਟ
ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲ ਬਨਣਗੇ ਨਮੂਨੇ ਦੇ ਹਸਪਤਾਲ, ਅਗਲੇ ਦੋ ਸਾਲਾਂ 'ਚ 6 ਨਵੇਂ ਮੈਡੀਕਲ ਕਾਲਜ ਹੋ ਜਾਣਗੇ ਚਾਲੂ
ਮੁੱਖ ਮੰਤਰੀ ਦੇ ਐਲਾਨ ਮੁਤਾਬਕ ਸਿਹਤ ਵਿਭਾਗ ਦੇ ਸਾਰੇ ਹਸਪਤਾਲਾਂ ਤੇ ਡਿਸਪੈਂਸਰੀਆਂ 'ਚ ਮਿਲ ਰਹੀਆਂ ਨੇ ਮੁਫ਼ਤ ਸਾਰੀਆਂ ਦਵਾਈਆਂ, ਮੈਡੀਕਲ ਕਾਲਜਾਂ ਦੇ ਹਸਪਤਾਲਾਂ ਵਿੱਚ ਵੀ 15 ਅਗਸਤ ਤੱਕ ਕਮੀਆਂ ਦੂਰ ਕਰਾਂਗੇ-ਡਾ. ਬਲਬੀਰ ਸਿੰਘ
ਸਿਹਤ ਮੰਤਰੀ ਨੇ ਡੇਂਗੂ ਤੇ ਡਾਇਰੀਆ ਵਾਰਡਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ, ਦਸਤਾਂ ਦੇ ਮਰੀਜਾਂ ਦਾ ਹਾਲ-ਚਾਲ ਵੀ ਜਾਣਿਆ
ਪਟਿਆਲਾ : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਬਿਜਲੀ ਦੀ ਨਿਰਵਿਘਨ ਸਪਲਾਈ ਲਈ 25 ਲੱਖ ਰੁਪਏ ਦੀ ਲਾਗਤ ਨਾਲ 11 ਕੇ.ਵੀ. ਦੀ ਇੱਕ ਹੋਰ ਵਾਧੂ ਲਾਈਨ ਚਾਲੂ ਕਰਵਾਈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਮਰੀਜਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੌਰਾਨ ਬਿਜਲੀ ਜਾਣ ਦੀ ਰੁਕਾਵਟ ਕੀਤੀ ਗਈ ਹੈ।ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਖੇ ਹੁਣ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਵੇਗੀ,ਕਿਉਂਕਿ ਇੱਥੇ ਹੁਣ 66 ਕੇ.ਵੀ. ਪੁਰਾਣਾ ਪਟਿਆਲਾ ਬਿਜਲੀ ਗ੍ਰ੍ਰਿਡ ਤੋਂ ਇੱਕ 11 ਕੇ.ਵੀ. ਦੀ ਇੱਕ ਹੋਰ ਵਾਧੂ ਲਾਈਨ ਅੱਜ ਚਲਾ ਦਿੱਤੀ ਗਈ ਹੈ, ਜਿਸ ਉਪਰ 25 ਲੱਖ ਰੁਪਏ ਖ਼ਰਚਾ ਆਇਆ ਹੈ। ਇਸ ਤੋਂ ਬਿਨ੍ਹਾਂ ਸ਼ਕਤੀ ਵਿਹਾਰ ਤੋਂ 11 ਕੇ.ਵੀ. ਫੀਡਰ ਤੀਜਾ ਸੋਰਸ ਹਸਪਤਾਲ ਦੇ ਖ਼ਰਚੇ ਉਤੇ ਜਲਦੀ ਹੀ ਚਲਾਇਆ ਜਾਵੇਗਾ।
ਇਸ ਦੇ ਨਾਲ ਹੀ ਬਿਜਲੀ ਨਿਗਮ ਵੱਲੋਂ ਅੰਦਰਲਾ ਸਿਸਟਮ ਦੇਖਕੇ ਜੋ ਰਿਪੋਰਟ ਸੌਂਪੀ ਗਈ ਹੈ, ਉਸ ਮੁਤਾਬਕ ਸਾਹਮਣੇ ਆਈਆਂ ਕਮੀਆਂ ਦੇ ਮੱਦੇਨਜ਼ਰ ਜਿੱਥੇ ਬਿਜਲੀ ਸਪਲਾਈ ਦੀਆਂ ਇੱਕ-ਇੱਕ ਸੋਰਸ ਕੇਬਲਾਂ ਹਨ, ਉਥੇ ਵੀ ਸਰਕਾਰ ਵੱਲੋਂ ਦੂਹਰੀਆਂ ਕੇਬਲਾਂ ਪੁਆ ਕੇ ਦੂਹਰੇ ਬਕਸੇ ਲਗਾਏ ਜਾਣਗੇ। ਜਦੋਂਕਿ 20 ਦੇ ਕਰੀਬ ਜੈਨਰੇਟਰਾਂ ਨੂੰ ਐਮਰਜੈਂਸੀ ਸਮੇਂ ਵਰਤਣ ਲਈ ਲੋੜੀਂਦਾ ਵਾਧੂ ਡੀਜਲ ਜਮ੍ਹਾਂ ਰੱਖਿਆ ਜਾ ਰਿਹਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਨੂੰ ਸ਼ਕਤੀ ਵਿਹਾਰ ਤੋਂ 66 ਕੇ.ਵੀ. ਦੀ ਲਾਈਨ ਆ ਰਹੀ ਹੈ, ਇੱਥੇ 220-220 ਕੇ.ਵੀ. ਦੀਆਂ ਦੋ ਲਾਈਨਾਂ ਅਬਲੋਵਾਲ ਤੇ ਪਸਿਆਣਾ ਤੋਂ ਆਉਂਦੀਆਂ ਹਨ।ਪਰੰਤੂ ਪਿਛਲੇ ਦਿਨੀਂ ਹਸਪਤਾਲ ਨੂੰ ਅੰਡਰਗਰਾਊਂਡ ਆਉਂਦੀ ਇਸ 66 ਕੇ.ਵੀ. ਲਾਈਨ ਵਿੱਚ ਨੁਕਸ ਪੈ ਗਿਆ ਸੀ ਜੋ ਕਿ ਤਿੰਨ ਘੰਟੇ ਵਿੱਚ ਠੀਕ ਕਰ ਦਿੱਤਾ ਗਿਆ ਸੀ ਪਰੰਤੂ ਮੁੱਖ ਮੰਤਰੀ ਦੇ ਆਦੇਸ਼ਾਂ ਉਤੇ ਵਾਧੂ ਬਿਜਲੀ ਲਾਈਨ ਨੂੰ ਹੁਣ ਬਿਜਲੀ ਨਿਗਮ ਵੱਲੋਂ ਜਰੂਰੀ ਪ੍ਰਵਾਨਗੀ ਲੈਕੇ ਚਾਲੂ ਕਰ ਦਿੱਤਾ ਗਿਆ ਹੈ ਤਾਂ ਕਿ ਭਵਿੱਖ ਵਿੱਚ ਬਿਜਲੀ ਸਪਲਾਈ ਨਿਰਵਿਘਨ ਜਾਰੀ ਰੱਖਣ ‘ਚ ਕੋਈ ਦਿੱਕਤ ਪੇਸ਼ ਨਾ ਆਵੇ।
ਮੈਡੀਕਲ ਸਿੱਖਿਆ ਮੰਤਰੀ ਨੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਰਾਜ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦੀ ਮੁਢਲੀ ਤਰਜੀਹ ਹੈ, ਇਸ ਲਈ ਜਮੀਨੀ ਪੱਧਰ ਉਤੇ ਦੇਖੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ ਹੈ। ਇਸ ਦੇ ਨਲ ਹੀ ਮੁੱਖ ਮੰਤਰੀ ਦੇ ਆਦੇਸ਼ਾਂ ਮੁਤਾਬਕ ਸਿਹਤ ਵਿਭਾਗ ਦੇ ਸਾਰੇ ਜ਼ਿਲ੍ਹਾ ਹਸਪਤਾਲ, ਸੀ.ਐਚ.ਸੀ, ਸਬ ਡਵੀਜਨ ਤੇ ਡਿਸਪੈਂਸਰੀਆਂ ਆਦਿ ਵਿੱਚ ਮਰੀਜਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ, ਫਰਿਸਤੇ ਸਕੀਮ ਚੱਲ ਰਹੀ ਹੈ ਤੇ ਟੈਸਟ ਮੁਫ਼ਤ ਹੋ ਰਹੇ ਹਨ। ਜਦੋਂ ਕਿ ਮੈਡੀਕਲ ਸਿੱਖਿਆ ਵਿਭਾਗ ਅਧੀਨ ਆਉਂਦੇ ਦੋਵੇਂ ਮੈਡੀਕਲ ਕਾਲਜਾਂ ਦੇ ਹਸਪਤਾਲਾਂ ਵਿੱਚ ਜਿਹੜੀਆਂ ਕਮੀਆਂ ਹਨ, ਉਹ 15 ਅਗਸਤ ਤੱਕ ਦੂਰ ਕਰ ਦਿੱਤੀਆਂ ਜਾਣਗੀਆਂ।
ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਰਾਜ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਨੂੰ ਨਮੂਨੇ ਦੇ ਹਸਪਤਾਲ ਬਣਾਇਆ ਜਾ ਰਿਹਾ ਹੈ, ਲੁਧਿਆਣਾਂ ਦਾ ਸਿਵਲ ਹਸਪਤਾਲ ਕਿਸੇ ਕਾਰਪੋਰੇਟ ਹਸਪਤਾਲ ਤੋਂ ਘੱਟ ਨਹੀਂ ਹੈ, ਇਸੇ ਤਰ੍ਹਾਂ ਜਲੰਧਰ, ਅੰਮ੍ਰਿਤਸਰ ਵਿਖੇ ਵੀ ਬਿਹਤਰ ਸਹੂਲਤਾਂ ਮਿਲਣਗੀਆਂ। ਜਦਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਬਣਨ ਜਾ ਰਿਹਾ ਟਰੌਮਾ ਸੈਂਟਰ ਤੇ ਕ੍ਰਿਟੀਕਲ ਕੇਅਰ ਯੂਨਿਟ ਸਟੇਟ ਆਫ਼ ਦੀ ਆਰਟ ਹੋਣਗੇ। ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ 96-97 ਫੀਸਦੀ ਡਾਕਟਰ ਹਸਪਤਾਲਾਂ ਵਿੱਚ ਇਮਾਨਦਾਰੀ ਤੇ ਤਨਦੇਹੀ ਨਾਲ ਆਪਣਾ ਕੰਮ ਕਰ ਰਹੇ ਹਨ ਅਤੇ ਜਿਹੜੇ ਬਾਕੀ ਹਨ, ਉਨ੍ਹਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਵਰਨਾ ਸਰਕਾਰ ਸਖ਼ਤੀ ਨਾਲ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਨੂੰ ਬਿਤਹਰ ਢੰਗ ਨਾਲ ਚਲਾਉਣਾਂ ਸਰਕਾਰ ਦੀ ਅਗਲੀ ਤਰਜੀਹ ਹੈ,
ਜਿਸ ਲਈ ਸਾਰੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ।ਹਸਪਤਾਲਾਂ ਵਿੱਚ ਮੁਫ਼ਤ ਦਵਾਈ ਮਿਲੇਗੀ, ਮਰੀਜ ਫੈਸਿਲੀਟੇਸ਼ਨ ਸੈਂਟਰ, ਏ ਕਲਾਸ ਸਫ਼ਾਈ, ਨਿਮਰ ਵਿਵਹਾਰ ਵਾਲਾ ਸਟਾਫ਼ ਹੋਵੇਗਾ। ਇਸ ਤੋਂ ਬਿਨਾ ਮਾਨ ਸਰਕਾਰ ਦੀ ਇਹ ਵੀ ਤਰਜੀਹ ਹੈ ਕਿ ਅਗਲੇ ਦੋ ਸਾਲਾਂ 'ਚ 6 ਨਵੇਂ ਮੈਡੀਕਲ ਕਾਲਜ ਚਾਲੂ ਕੀਤੇ ਜਾਣ, ਇਸ ਲਈ ਜਰੂਰੀ ਕਦਮ ਚੁੱਕੇ ਜਾ ਰਹੇ ਹਨ। ਸਿਹਤ ਮੰਤਰੀ ਨੇ ਇਸ ਦੌਰਾਨ ਹਸਪਤਾਲ ਦੀਆਂ ਡੇਂਗੂ ਅਤੇ ਡਾਇਰੀਆ ਵਾਰਡਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਇੱਥੇ ਦਾਖਲ ਦਸਤਾਂ ਤੇ ਉਲਟੀਆਂ ਦੇ ਮਰੀਜਾਂ ਦਾ ਹਾਲ-ਚਾਲ ਵੀ ਜਾਣਿਆ। ਉਨ੍ਹਾਂ ਨੇ ਮੈਡੀਕਲ ਸੁਪਰਡੈਂਟ ਨੂੰ ਹਦਾਇਤ ਕੀਤੀ ਕਿ ਬਾਹਰਲੇ ਜ਼ਿਲ੍ਹਿਆਂ ਤੇ ਹੋਰਨਾਂ ਰਾਜਾਂ ਤੋਂ ਆਏ ਮਰੀਜਾਂ ਦੀ ਸੂਚਨਾ ਉਨ੍ਹਾਂ ਦੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਭੇਜੀ ਜਾਵੇ ਤਾਂ ਕਿ ਸਬੰਧਤ ਥਾਵਾਂ ਵਿਖੇ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਉਥੋਂ ਦਾ ਪ੍ਰਸ਼ਾਸਨ ਵੀ ਚੌਕਸ ਹੋ ਕੇ ਯਤਨ ਕਰੇ। ਇਸ ਦੌਰਾਨ ਏ. ਡੀ. ਸੀ (ਜ) ਕੰਚਨ, ਪੀ.ਐਸ.ਪੀ.ਸੀ.ਐਲ ਦੇ ਡਾਇਰੈਕਟਰ ਵੰਡ ਡੀ.ਪੀ.ਐਸ ਗਰੇਵਾਲ, ਕਰਨਲ ਜੇ.ਵੀ. ਸਿੰਘ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ, ਪੀ.ਐਸ.ਸੀ.ਪੀ.ਐਲ ਦੇ ਚੀਫ ਇੰਜੀਨੀਅਰ ਆਰ.ਕੇ. ਮਿੱਤਲ, ਐਸ.ਈ. ਪਟਿਆਲਾ ਧਨਵੰਤ ਸਿੰਘ, ਐਕਸੀਐਨ ਜਤਿੰਦਰ ਗਰਗ ਤੇ ਜਤਿੰਦਰਪਾਲ ਸਿੰਘ ਕੰਡਾ, ਮੁਖੀ ਸਰਜਰੀ ਵਿਭਾਗ ਡਾ. ਅਸ਼ਵਨੀ ਕੁਮਾਰ, ਡਾ. ਦੀਪਾਲੀ, ਡਾ. ਰੁਪਿੰਦਰ ਕੌਰ, ਡਾ. ਸਚਿਨ ਕੌਸ਼ਲ, ਕਾਰਜਕਾਰੀ ਇੰਜੀਨੀਅਰ ਪਿਊਸ਼ ਅਗਰਵਾਲ, ਆਰਕੀਟੈਕਟ ਦੀਪਾਲੀ, ਲੋਕ ਨਿਰਮਾਣ ਦੇ ਇਲੈਕਟਰੀਕਲ ਵਿੰਗ ਤੇ ਬਿਜਲੀ ਨਿਗਮ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।