ਮੋਹਾਲੀ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਤਕਨਾਲੋਜੀ ਦੇ ਮਾਰਗ ਦਰਸ਼ਨ ਹੇਠ ਜ਼ਿਲ੍ਹਾ ਸਿੱਖਿਆ ਅਫਸਰ, ਸ.ਅ.ਸ. ਨਗਰ ਦੀ ਅਗਵਾਈ ਵਿੱਚ ਗਰੀਨ ਸਕੂਲ ਪ੍ਰੋਗਰਾਮ ਆਡਿਟ ਵਰਕਸ਼ਾਪ-ਕਮ-ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਸੰਮੇਲਨ ਵਿੱਚ ਲਗਭਗ ਢਾਈ ਸੌ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਸੰਮੇਲਨ ਦੀ ਸ਼ੁਰੂਆਤ ਸ੍ਰੀ ਅਜੇ ਕੁਮਾਰ ਸ਼ਰਮਾ ਗਰੀਨ ਸਕੂਲ ਪ੍ਰੋਗਰਾਮ ਕੋਅਰਡੀਨੇਟਰ ਨੇ ਕੀਤੀ। ਉਹਨਾਂ ਵਾਤਾਵਰਨ ਵਿੱਚ ਆਏ ਨਾਕਾਰਤਮਕ ਪਰਿਵਰਤਨਾਂ ਦੀ ਭਿਆਨਕ ਤਸਵੀਰ ਨੂੰ ਕੁਝ ਹਾਲੀਆ ਘਟਨਾਵਾਂ ਦੇ ਹਵਾਲੇ ਨਾਲ ਪੇਸ਼ ਕੀਤਾ। ਪਿਛਲੇ ਸਾਲ ਹੋਏ ਲੇਖਾ-ਜੋਖਾ ਅੰਦਰ ਸ.ਅ.ਸ. ਨਗਰ ਦੇ ਚਾਰ ਸਕੂਲ ਸਰਕਾਰੀ ਹਾਈ ਸਕੂਲ ਫਾਟਵਾਂ, ਰਾਮਗੜ੍ਹ ਰੁੜਕੀ, ਜੌਲ਼ਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੂੰਧੋਂ ਸੰਗਤੀਆਂ ਗਰੀਨ ਸਕੂਲ ਵਜੋਂ ਚੁਣੇ ਗਏ ਸਨ। ਇਹਨਾਂ ਸਕੂਲਾਂ ਦੇ ਮੁੱਖੀਆਂ ਨੇ ਆਪਣੇ ਤਜਰਬੇ ਅਤੇ ਖੇਤਰੀ ਭ੍ਰਮਣ ਦੌਰਾਨ ਮਿਲੀ ਜਾਣਕਾਰੀ ਸਾਂਝੀ ਕੀਤੀ। ਸ੍ਰੀਮਤੀ ਆਂਚਲ ਜਿੰਦਲ ਨੇ ਗਰੀਨ ਸਕੂਲ ਪ੍ਰੋਗਰਾਮ ਦੇ ਛੇ ਮਿਆਰੀ ਪੱਧਰਾਂ ਦੀ ਚਰਚਾ ਕੀਤੀ। ਸ੍ਰੀਮਤੀ ਅਸ਼ੂਲ ਜੈਨ ਅਤੇ ਨੂਪੁਰ ਜੈਨ ਨੇ ਗਰੀਨ ਸਕੂਲ ਪ੍ਰੋਗਰਾਮ ਲੇਖਾ-ਜੋਖਾ ਦੌਰਾਨ ਸਕੂਲੀ ਪੱਧਰ ਦੀਆਂ ਦਿੱਕਤਾਂ ਦਾ ਹੱਲ ਸਮੇਤ ਵਿਸ਼ਲੇਸ਼ਣ ਕੀਤਾ। ਸ੍ਰੀਮਤੀ ਲਖਵਿੰਦਰ ਕੌਰ, ਮੁੱਖ ਅਧਿਆਪਿਕਾਂ ਸਰਕਾਰੀ ਹਾਈ ਸਕੂਲ, ਦੇਸੂਮਾਜਰਾ ਨੇ ਪ੍ਰਮੁੱਖ ਕੋਆਰਡੀਨੇਟਰ ਵਜੋਂ ਸਾਰੀ ਚਰਚਾ ਦਾ ਵਿਸ਼ਲੇਸ਼ਣ ਕੀਤਾ ਅਤੇ ਸਕੂਲੀ ਤਜਰਬੇ ਰਾਹੀਂ ਸਕੂਲ ਪ੍ਰਤੀਨਿਧੀਆਂ ਨੂੰ ਉਤਸ਼ਾਹਿਤ ਕੀਤਾ। ਜ਼ਿਲ੍ਹਾ ਸਿੱਖਿਆ ਅਫਸਰ ਡਾ. ਗਿੰਨੀ ਦੁੱਗਲ ਨੇ ਆਪਣੇ ਪ੍ਰਭਾਵੀ ਭਾਸ਼ਣ ਰਾਹੀਂ ਆਏ ਪ੍ਰਤੀਨਿਧੀਆਂ ਨੂੰ ਉਤਸ਼ਾਹਿਤ ਕੀਤਾ। ਉਹਨਾਂ ਵਧੀਆ ਪ੍ਰਬੰਧ ਲਈ ਲਾਰੈਂਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵੀਨਾ ਮਲਹੋਤਰਾ ਦਾ ਧੰਨਵਾਦ ਕੀਤਾ। ਭੰਗੜੇ ਦੇ ਖੂਬਸੂਰਤ ਪ੍ਰੋਗਰਾਮ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਨੇ ਆਪਣੇ ਕਰ-ਕਮਲਾਂ ਨਾਲ਼ ਆਏ ਪ੍ਰਤੀਨਿਧੀਆਂ ਨੂੰ ਪੌਦਿਆਂ ਦੀ ਵੰਡ ਕੀਤੀ। ਇਹ ਸਮਾਗਮ ਵਾਤਾਵਰਨ ਸੰਭਾਲ ਹਿਤ ਭਰਵਾਂ ਹੰਭਲਾ ਹੋ ਨਿੱਬੜਿਆ।