ਸੁਨਾਮ : ਸਿਹਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਮਲਟੀਪਰਪਜ਼ ਹੈਲਥ ਵਰਕਰ 986 (ਇਸਤਰੀ) ਦੇ ਵਫ਼ਦ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਨਵੇਂ ਆਏ ਡਾਇਰੈਕਟਰ ਡਾਕਟਰ ਰਮਨ ਸ਼ਰਮਾ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਮੰਗ ਕੀਤੀ ਹੈ ਕਿ ਭਰਤੀ ਹੋਏ ਮੁਲਾਜ਼ਮਾਂ ਨੂੰ ਬਿਨਾਂ ਦੇਰੀ ਨਿਯੁਕਤੀ ਪੱਤਰ ਸੌਂਪੇ ਜਾਣ। ਜਥੇਬੰਦੀ ਦੀ ਸੂਬਾ ਪ੍ਰਧਾਨ ਮੁਨੱਵਰ ਜਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ 986 ਪੋਸਟਾਂ ਭਰਨ ਲਈ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਦੇ ਲਈ ਲਿਖਤੀ ਪੇਪਰ ਹੋ ਚੁੱਕੇ ਹਨ ਅਤੇ ਬਕਾਇਦਾ ਦਸਤਾਵੇਜ਼ਾਂ ਦੀ ਪੜਤਾਲ ਹੋ ਚੁੱਕੀ ਹੈ ਜੀ, ਸਿਰਫ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਹਨ। ਜਥੇਬੰਦੀ ਦੀ ਮੋਹਰੀ ਆਗੂ ਸਰਬਜੀਤ ਕੌਰ ਸੁਨਾਮ ਨੇ ਕਿਹਾ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ ਰਮਨ ਸ਼ਰਮਾ ਦੁਆਰਾ ਵਫ਼ਦ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਨਿਯੁਕਤੀਆਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਆਉਣ ਵਾਲੇ 10-15 ਦਿਨਾਂ ਦੇ ਵਿੱਚ ਨਿਯੁਕਤੀਆਂ ਦਾ ਕੰਮ ਪੂਰਾ ਹੋ ਜਾਵੇਗਾ । ਮੁਲਾਜ਼ਮ ਆਗੂ ਸਰਬਜੀਤ ਕੌਰ ਨੇ ਕਿਹਾ ਕਿ ਹੈਲਥ ਵਰਕਰਾਂ ਪਿਛਲੇ 18 ਸਾਲਾਂ ਤੋਂ ਪੱਕੇ ਹੋਣ ਦਾ ਸੁਪਨਾ ਦੇਖ ਰਹੀਆਂ ਹਨ, ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਨੂੰ ਜਲਦੀ ਪੂਰਾ ਕਰਨ ਨੂੰ ਯਕੀਨੀ ਬਣਾਵੇ ਨਹੀਂ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੀਟਿੰਗ ਵਿੱਚ ਮੁਨੱਵਰ ਜਹਾਂ ਬਬਲਪ੍ਰੀਤ ਕੌਰ ਮਾਲੇਰਕੋਟਲਾ, ਸਰਬਜੀਤ ਕੌਰ,ਮਲਕੀਤ ਕੌਰ,ਇੰਦਰਪ੍ਰੀਤ ਕੌਰ,ਮੋਨਿਕਾ ਬਠਿੰਡਾ,ਮਮਤਾ ਰਾਣੀ,ਬਲਜੀਤ ਕੌਰ ਨਵਾਂ ਸ਼ਹਿਰ,ਅਮਨਪ੍ਰੀਤ ਕੌਰ, ਜਗਰੂਪ ਕੌਰ ਤਰਨਤਾਰਨ ,ਸੰਦੀਪ ਕੌਰ ਪਟਿਆਲਾ ,ਕਰਮਜੀਤ ਕੌਰ ਮਾਨਸਾ ਹਾਜ਼ਰ ਸਨ।