ਫਤਹਿਗੜ੍ਹ ਸਾਹਿਬ : ਨੌਜਵਾਨ ਵਰਗ ਕਿਸੇ ਵੀ ਦੇਸ਼ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਕਿਉਂਕਿ ਨੌਜਵਾਨ ਵਰਗ ਹੀ ਭਵਿੱਖ ਵਿੱਚ ਦੇਸ਼ ਦੀ ਯੋਗ ਅਗਵਾਈ ਕਰਕੇ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਸੰਯੁਕਤ ਰਾਸ਼ਟਰ ਮਹਾਂਸਭਾ ਵੱਲ੍ਹੋਂ 12 ਅਗਸਤ ਦੇ ਦਿਹਾੜੇ ਨੂੰ ਹਰ ਵਰ੍ਹੇ ਅੰਤਰਰਾਸ਼ਟਰੀ ਯੁਵਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਦੀਪਤੀ ਗੋਇਲ ਨੇ ਕੋਟਲਾ ਬਜਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਅੰਤਰਰਾਸ਼ਟਰੀ ਯੁਵਕ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਮਹਾਂਸਭਾ ਦਾ ਮੁੱਖ ਉਦੇਸ਼ ਇਹ ਸੀ ਕਿ ਵਿਸ਼ਵ ਪੱਧਰ ਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਾ, ਸਦਭਾਵਨਾ, ਸ਼ਾਂਤੀ ਅਤੇ ਸਮਝਦਾਰੀ ਨੂੰ ਬੜਾਵਾ ਦਿੱਤਾ ਜਾਵੇ।
ਸ਼੍ਰੀਮਤੀ ਦੀਪਤੀ ਗੋਇਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਪਹਿਚਾਣ ਕੇ, ਉਸ ਵਿੱਚ ਮੁਹਾਰਤ ਹਾਸਲ ਕਰਨ ਲਈ ਯਤਨਸ਼ੀਲ ਰਹਿਣ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਉੱਚੇ ਮੁਕਾਮ ਤੇ ਪਹੁੰਚ ਕੇ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ। ਉਨ੍ਹਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਵਿਦਿਆਰਥੀਆਂ ਦੇ ਵਿਅਕਤੀਤਵ ਦੇ ਵਿਕਾਸ ਲਈ ਉਨ੍ਹਾਂ ਨੂੰ ਸਮਾਜਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਅਪਨਾਉਣ ਵਾਸਤੇਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਹੋਰ ਕਿਹਾ ਕਿ ਕਿਸੇ ਵੀ ਦੇਸ਼ ਅਤੇ ਸਮਾਜ ਦੀ ਤਰੱਕੀ ਉੱਥੋਂ ਦੇ ਨੌਜਵਾਨ ਵਰਗ ਤੇ ਹੀ ਨਿਰਭਰ ਕਰਦੀ ਹੈ। ਇਸ ਲਈ ਨੌਜਵਾਨ ਪੀੜ੍ਹੀ ਦੇ ਵਿਅਕਤੀਤਵ ਦੇ ਚੌਹਤਰਫਾ ਵਿਕਾਸ ਲਈ ਨੌਜਵਾਨ ਵਰਗ ਨੂੰ ਸਕੂਲ ਅਤੇ ਕਾਲਜ ਪੱਧਰ ਤੋਂ ਹੀ ਅਜਿਹੀ ਸਿੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਦੇ ਵਿਅਕਤੀਤਵ ਵਿੱਚ ਹੋਰ ਨਿਖਾਰ ਆਵੇ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲ੍ਹੋਂ ਆਯੋਜਿਤ ਇਸ ਸਮਾਗਮ ਦੌਰਾਨ ਅੰਤਰਰਾਸ਼ਟਰੀ ਯੁਵਕ ਦਿਵਸ ਦੇ ਵਿਸ਼ੇ ਤੇ ਸਕੂਲ ਦੇ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਸ਼੍ਰੀਮਤੀ ਦੀਪਤੀ ਗੋਇਲ ਨੇ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਗੁਰਦੀਪ ਕੌਰ ਨੇ ਵੀ ਅੰਤਰਰਾਸ਼ਟਰੀ ਯੁਵਕ ਦਿਵਸ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਸਮਾਗਮ ਵਿੱਚ ਸਕੂਲ ਦੀਆਂ ਲੜਕੀਆਂ ਵੱਲ੍ਹੋਂ ਗਿੱਧਾ ਵੀ ਪੇਸ਼ ਕੀਤਾ ਗਿਆ ਅਤੇ ਵਿਦਿਆਰਥੀਆਂ ਵੱਲ੍ਹੋਂ ਗੀਤ ਵੀ ਗਾਏ ਗਏ।