Thursday, September 19, 2024

Education

ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਨਵੀਂ ਸ਼ੁਰੂਆਤ

August 27, 2024 06:34 PM
SehajTimes

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ, ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ’ਚ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਵਿਕਾਸ ਲਈ ਨਵੀਂ ਸ਼ੁਰੂਆਤ ਕੀਤੀ ਗਈ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਦੇਖ-ਰੇਖ ’ਚ ਅੱਜ ‘ਪੰਜਾਬੀ ਕੰਪਿਊਟਰਕਾਰੀ ਅਤੇ ਮਸ਼ੀਨੀ ਬੁੱਧੀਮਾਨਤਾ’ ਵਿਸ਼ੇ ’ਤੇ ਆਪਣੀ ਕਿਸਮ ਦੀ ਪਲੇਠੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਉੱਘੇ ਕੰਪਿਊਟਰ ਮਾਹਿਰ ਤੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਲਈ ਲੰਬੇ ਅਰਸੇ ਤੋਂ ਕਾਰਜਸ਼ੀਲ ਡਾ. ਸੀ.ਪੀ. ਕੰਬੋਜ ਨੇ ਵੱਖ-ਵੱਖ ਤਕਨੀਕੀ ਨੁਕਤਿਆਂ ਬਾਰੇ ਅਭਿਆਸ ਰੂਪ ’ਚ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੀ ਟੀਮ ’ਚ ਸੁਰਿੰਦਰ ਸਿੰਘ, ਮਨਿੰਦਰ ਸਿੰਘ ਤੇ ਜੋਤੀ ਕੌਰ ਸ਼ਾਮਲ ਸਨ। ਇਸ ਵਰਕਸ਼ਾਪ ਵਿੱਚ ਭਾਸ਼ਾ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਨ ਦੌਰਾਨ ਵਰਕਸ਼ਾਪ ਦੀ ਰੂਪ-ਰੇਖਾ ਅਤੇ ਟੀਚਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਅਜੋਕੇ ਡਿਜੀਟਲ ਯੁੱਗ ਦੇ ਹਾਣ ਦੀ ਬਣਾਉਣ ਲਈ ਬਹੁਤ ਵੱਡੇ ਉਪਰਾਲਿਆਂ ਦੀ ਜ਼ਰੂਰਤ ਹੈ। ਇਸੇ ਤਹਿਤ ਹੀ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ’ਚ ਸਥਾਪਤ ਕਰਨ ਲਈ ਯਤਨ ਆਰੰਭ ਕੀਤੇ ਹਨ। ਜਿਸ ਦਾ ਮਕਸਦ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਇਸ ਮਿਸ਼ਨ ਨਾਲ ਜੋੜਨਾ ਹੈ। ਉਨ੍ਹਾਂ ਪੰਜਾਬੀ ਹਿਤੈਸ਼ੀਆਂ ਨੂੰ ਅਪੀਲ ਕੀਤੀ ਕਿ ਉਹ ਜੁਝਾਰੂ ਸਿਪਾਹੀਆਂ ਵਾਂਗ ਅਜੋਕੇ ਯੁੱਗ ਦੀ ਵੱਡੀ ਲੋੜ ਮਸ਼ੀਨੀ ਬੁੱਧੀਮਾਨਤਾ ਲਈ ਸਾਂਝੇ ਤੌਰ ’ਤੇ ਹੰਭਲੇ ਮਾਰਨ।
         ਡਾ. ਸੀ. ਪੀ. ਕੰਬੋਜ ਨੇ ਚਾਰ ਸ਼ੈਸ਼ਨਾਂ ਵਾਲੀ ਵਰਕਸ਼ਾਪ ਦੌਰਾਨ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕੰਪਿਊਟਰ ਤੇ ਫੋਨ ਦੀ ਵਰਤੋਂ, ਪੰਜਾਬੀ ਫੌਂਟਸ ਤੇ ਭਾਸ਼ਾ ਨਾਲ ਸਬੰਧਤ ਸਾਫਟਵੇਅਰਜ਼ ਦੀ ਸਹੀ ਤੇ ਸੁਚੱਜੀ ਵਰਤੋਂ, ਪੰਜਾਬੀ ਸਾਹਿਤ ਤੇ ਭਾਸ਼ਾ ਨਾਲ ਸਬੰਧਤ ਹੋਰ ਸਮੱਗਰੀ ਦੀ ਡਿਜੀਟਲਾਈਜੇਸ਼ਨ ਬਾਰੇ ਵੱਖ-ਵੱਖ ਸ਼ੈਸ਼ਨਾਂ ਦੌਰਾਨ ਪ੍ਰੋਜੈਕਟਰ ਦੀ ਮੱਦਦ ਨਾਲ ਅਭਿਆਸ ਰੂਪ ’ਚ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਕੰਬੋਜ ਨੇ ਕਿਹਾ ਕਿ ਭਾਸ਼ਾ ਵਿਭਾਗ ਨੇ ਇਸ ਵਰਕਸ਼ਾਪ ਰਾਹੀਂ ਬੜੀ ਵੱਡੀ ਸ਼ੁਰੂਆਤ ਕੀਤੀ ਹੈ। ਸਾਡੇ ਕੋਲ ਪੰਜਾਬੀ ਭਾਸ਼ਾ ’ਚ ਰਚਿਆ ਵੱਡਮੁੱਲਾ ਸਾਹਿਤਕ ਤੇ ਬਹੁਪੱਖੀ ਖਜ਼ਾਨਾ ਉਪਲਬਧ ਹੈ, ਜਿਸ ਨੂੰ ਡਿਜੀਟਲ ਰੂਪ ’ਚ ਵੱਖ-ਵੱਖ ਪਲੇਟਫਾਰਮਾਂ ’ਤੇ ਅੱਪਲੋਡ ਕਰਨ ਦੀ ਜ਼ਰੂਰਤ ਹੈ। ਜਿਸ ਨਾਲ ਸਾਡੀ ਭਾਸ਼ਾ ਆਪਣੇ-ਆਪ ਹੀ ਮਸ਼ੀਨੀ ਬੁੱਧੀਮਾਨਤਾ ਦੇ ਖੇਤਰ ’ਚ ਅਮੀਰ ਹੋ ਜਾਵੇਗੀ। ਇਸ ਵਰਕਸ਼ਾਪ ਸਬੰਧੀ ਲਾਂਬੜਾ ਸੱਥ ਜਲੰਧਰ ਤੋਂ ਆਏ ਸ. ਬਹਾਦਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਨੂੰ ਨਵੀਂ ਸੇਧ ਦੇਣ ਦਾ ਵੱਡਾ ਉੱਦਮ ਕੀਤਾ ਗਿਆ ਹੈ। ਖੋਜ ਅਫ਼ਸਰ ਸਤਪਾਲ ਸਿੰਘ ਨੇ ਅੱਜ ਦੀ ਵਰਕਸ਼ਾਪ ਨੂੰ ਸਮੇਂ ਸਿਰ ਚੁੱਕਿਆ ਵੱਡਾ ਕਦਮ ਦੱਸਿਆ ਅਤੇ ਕਿਹਾ ਕਿ ਇਸ ਖੇਤਰ ’ਚ ਬਹੁਤ ਸਾਰੇ ਕਾਰਜ ਕਰਨ ਲਈ ਸਾਨੂੰ ਰਲਕੇ ਹੰਭਲੇ ਮਾਰਨੇ ਚਾਹੀਦੇ ਹਨ। ਡਾ. ਲਖਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਭਾਸ਼ਾ ਵਿਭਾਗ ਨੇ ਪੁਸਤਕਾਂ ਤੇ ਸ਼ਬਦ ਕੋਸ਼ਾਂ ਨੂੰ ਡਿਜ਼ੀਟਲ ਰੂਪ ਦੇ ਕੇ ਵਿਲੱਖਣ ਸ਼ੁਰੂਆਤ ਕੀਤੀ ਹੈ, ਹੋਰਨਾਂ ਸੰਸਥਾਵਾਂ ਨੂੰ ਵੀ ਸਾਇੰਸ ਤੇ ਇੰਜੀਨੀਅਰਿੰਗ ਵਰਗੇ ਵਿਸ਼ਿਆਂ ਦੇ ਪਾਠਕ੍ਰਮ ਨੂੰ ਪੰਜਾਬੀ ਭਾਸ਼ਾ ’ਚ ਡਿਜ਼ੀਟਲ ਰੂਪ ’ਚ ਤਿਆਰ ਕਰਨਾ ਚਾਹੀਦਾ ਹੈ। ਸਿਮਰਨਜੀਤ ਸਿੰਘ ਮੱਕੜ ਦਿੱਲੀ, ਡਾ. ਦਰਸ਼ਨ ਕੌਰ ਤੇ ਮਨਪ੍ਰੀਤ ਕੌਰ ਨੇ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਅਖੀਰ ਵਿੱਚ ਭਾਸ਼ਾ ਵਿਭਾਗ ਵੱਲੋਂ ਡਾ. ਸੀ.ਪੀ. ਕੰਬੋਜ ਅਤੇ ਉਨ੍ਹਾਂ ਦੀ ਟੀਮ ਦਾ ਸ਼ਾਲਾਂ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਦੀ ਸਫਲਤਾ ਲਈ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਲੋਕ ਚਾਵਲਾ ਤੇ ਅਮਰਿੰਦਰ ਸਿੰਘ, ਸੁਪਰਡੈਂਟ ਭੁਪਿੰਦਰਪਾਲ ਸਿੰਘ ਤੇ ਹਰਪ੍ਰੀਤ ਸਿੰਘ ਨੇ ਭਰਵਾਂ ਯੋਗਦਾਨ ਪਾਇਆ।

Have something to say? Post your comment

 

More in Education

ਨੌਜਵਾਨਾਂ ਵਿੱਚ ਕੁਦਰਤ ਅਤੇ ਵਾਤਾਵਰਨ ਨਾਲ ਪਿਆਰ ਅਤੇ ਜਾਗਰੂਕਤਾ ਵਧਾਉਣ ਲਈ ਸੈਮੀਨਾਰ ਦਾ ਆਯੋਜਨ ਕੀਤਾ

ਲਿੰਗ ਸਮਾਨਤਾ ਅਤੇ ਸੰਵੇਦਨਸੀਲਤਾ ਵਿਸ਼ੇ ਤੇ ਸੈਮੀਨਾਰ ਕਰਵਾਇਆ

ਸੈਮਰਾਕ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਟੂਰਨਾਮੈਂਟ ਵਿੱਚ ਪੰਜ ਸੋਨ ਤਗਮੇ ਜਿੱਤੇ

"ਵਿਮਨ ਕਰੀਅਰ ਏਜੰਟ" ਤਹਿਤ ਪਲੇਸਮੈਂਟ ਕੈਂਪ 18 ਸਤੰਬਰ ਨੂੰ 

ਆਰੀਅਨਜ਼ ਵਿਖੇ ਟੈਲੀਮੈਡੀਸਨ 'ਤੇ ਇਕ ਹਫ਼ਤੇ ਦਾ ਫੈਕਲਟੀ ਵਿਕਾਸ ਪ੍ਰੋਗਰਾਮ ਸਮਾਪਤ ਹੋਇਆ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਐਸ.ਏ.ਐਸ.ਨਗਰ ਵਿਖੇ ਪਲੇਸਮੈਂਟ ਕੈਂਪ 12 ਸਤੰਬਰ ਨੂੰ

ਸ਼ਾਸਤਰੀ ਮਾਡਲ ਸਕੂਲ ਵਿੱਚ ਗਊ ਗਰਾਸ ਸੇਵਾ ਦੀ ਸ਼ੁਰੂਆਤ ਕੀਤੀ

ਖਾਲਸਾ ਕਾਲਜ ਮੁਹਾਲੀ ਵਿਖੇ ਅਰਦਾਸ ਨਾਲ ਹੋਈ ਅਕਾਦਮਿਕ ਸੈਸ਼ਨ 2024-25 ਦੀ ਸ਼ੁਰੂਆਤ

ਗੌਰਮਿੰਟ ਡੀ.ਪੀ.ਈ./ਲੈਕਚਰਾਰ ਯੂਨੀਅਨ ਦੀ ਇਕੱਤਰਤਾ 'ਚ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਚਰਚਾ

ਫਲਾਂ ਅਤੇ ਸਬਜ਼ੀਆਂ ਦੇ ਗੁਣਾਂ ਨਾਲ ਜਾਣੂ ਕਰਾਉਣ ਲਈ ਸੈਮੀਨਾਰ ਦਾ ਆਯੋਜਨ ਕੀਤਾ