ਕਿਸੇ ਵੇਲੇ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸਵ. ਰੁਪਿੰਦਰ ਗਾਂਧੀ ਦੇ ਜੀਵਨ ਤੇ ਆਧਾਰਿਤ ਪਹਿਲਾਂ ਵੀ ਦੋ ਪੰਜਾਬੀ ਫ਼ਿਲਮਾਂ ਆ ਚੁੱਕੀਆਂ ਹਨ ਅਤੇ ਹੁਣ ਇਹ ਤੀਸਰੀ ਪੰਜਾਬੀ ਫਿਲਮ ਵੀ ਸਵ. ਰੁਪਿੰਦਰ ਗਾਂਧੀ ਦੇ ਜੀਵਨ ਦੀ ਹੀ ਇੱਕ ਹੋਰ ਝਲਕ ਨੂੰ ਪੇਸ਼ ਕਰ ਰਹੀ ਹੈ। ਮਨਦੀਪ ਬੈਨੀਪਾਲ ਅਤੇ ਵਿਨੋਦ ਕੁਮਾਰ ਦੀ ਡਾਇਰੈਕਸ਼ਨ, ਰਾਦੇਸ਼ ਕੁਮਾਰ ਅਰੋੜਾ ਅਤੇ ਰਵਨੀਤ ਕੌਰ ਚਾਹਲ ਦੀ ਨਿਰਦੇਸ਼ਤਾ ਹੇਠ ਤਿਆਰ ਹੋਈ ਇਸ ਫਿਲਮ ਦੀ ਕਹਾਣੀ ਨੂੰ ਨਾਇਕ ਦੇਵ ਖਰੌੜ ਨੇ ਖੁਦ ਲਿਖਿਆ ਹੈ। ਦੇਵ ਖਰੌੜ, ਅਦਿੱਤੀ ਆਰੀਆ, ਲੱਕੀ ਧਾਲੀਵਾਲ, ਨਵਦੀਪ ਕਲੇਰ, ਦਕਸ਼ ਅਜੀਤ ਸਿੰਘ, ਜਿੰਮੀ ਸ਼ਰਮਾ ਨੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ। ਇਸ ਫਿਲਮ ਦਾ ਸੰਗੀਤ ਐਵੀ ਸਰਾ ਨੇ ਦਿੱਤਾ ਹੈ ਅਤੇ ਫਿਲਮ ਦੇ ਗੀਤ ਐਮੀ ਵਿਰਕ, ਗੁਲਾਬ ਸਿੱਧੂ ਅਤੇ ਬੀ ਪਰਾਕ, ਹਰਮਨਜੀਤ ਸਿੰਘ ਨੇ ਗਾਏ ਹਨ।
ਫਿਲਮ ਦੀ ਕਹਾਣੀ ਸਵ. ਰੁਪਿੰਦਰ ਗਾਂਧੀ ਦੇ ਜੀਵਨ ’ਚ ਵਾਪਰੀ ਇੱਕ ਘਟਨਾ ਦੇ ਦੁਆਲੇ ਘੁੰਮਦੀ ਹੈ। ਅਸਲ ਵਿੱਚ ਇੱਕ ਕਾਲਜ ਵਿੱਚ ਗੈਰੀ ਗਾਂਧੀ (ਜਿੰਮੀ ਸ਼ਰਮਾ) ਨਾਂਅ ਦਾ ਇੱਕ ਨੌਜਵਾਨ ਸਵ. ਰੁਪਿੰਦਰ ਗਾਂਧੀ ਦਾ ਨਾਂਅ ਵਰਤ ਕੇ ਖੁਦ ਨੂੰ ਚਮਕਾਉਣਾ ਚਾਹੁੰਦਾ ਹੈ ਪ੍ਰੰਤੂ ਇੱਕ ਮੋੜ ਤੇ ਉਸਦੀ ਮੁਲਾਕਾਤ ਇੱਕ ਕੋਚ ਨਾਲ ਹੋ ਜਾਂਦੀ ਹੈ ਜੋ ਉਸਦੀਆਂ ਗਿੱਦੜ ਧਮਕੀਆਂ ਤੋਂ ਡਰਨ ਦੀ ਬਜਾਇ ਉਸਨੂੰ ਗਾਂਧੀ ਨਾਂਅ ਦੀ ਲਾਜ ਰੱਖਣ ਲਈ ਰੁਪਿੰਦਰ ਗਾਂਧੀ ਦੇ ਜੀਵਨ ਦੀ ਇੱਕ ਘਟਨਾ ਸੁਣਾਉਂਦਾ ਹੈ ਜਿਸ ਤੋਂ ਪ੍ਰੇਰਿਤ ਹੋ ਕੇ ਗੈਰੀ ਗਾਂਧੀ ਵੀ ਰੁਪਿੰਦਰ ਗਾਂਧੀ ਦੀ ਤਰ੍ਹਾਂ ਹੀ ਫਿਲਮ ਦੀ ਅਖੀਰਲੇ ਪਲਾਂ ਵਿੱਚ ਸਾਰੀ ਕਹਾਣੀ ਬਦਲ ਕੇ ਰੱਖ ਦਿੰਦਾ ਹੈ। ਫਿਲਮ ਵਿੱਚ ਦੋ ਕਹਾਣੀਆਂ ਨਾਲੋਂ-ਨਾਲ ਚੱਲਦੀਆਂ ਹਨ ਅਤੇ ਇਹ ਫਿਲਮ ਰੁਪਿੰਦਰ ਗਾਂਧੀ ਦੀ ਜਿੰਦਗੀ ਦੀ ਕਹਾਣੀ ਨੂੰ ਇਸ ਵਾਰ ਮੁੜ ਸੁਰਜੀਤ ਕਰਨ ਵਿੱਚ ਸਫ਼ਲ ਰਹੀ ਹੈ।
ਦੇਵ ਖਰੌੜ ਦੀ ਬਾਕਮਾਲ ਅਦਾਕਾਰੀ ਇਸ ਫਿਲਮ ਵਿੱਚ ਵੀ ਦਰਸ਼ਕਾਂ ਦੇ ਮਨਾਂ ਤੇ ਪੂਰੀ ਉਤਰੇਗੀ। ਇਹ ਫਿਲਮ ਵਿਚਲੇ ਸੀਨ ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚ ਫਿਲਮਾਏ ਗਏ ਹਨ। ਗਾਂਧੀ-3 ਫਿਲਮ ਪੰਜਾਬ ਅਤੇ ਹਰਿਆਣੇ ਦੀ ਗੰਧਲੀ ਰਾਜਨੀਤੀ, ਬੇਕਸੂਰਾਂ ਅਤੇ ਨਿਰਦੋਸ਼ਾਂ ਤੇ ਜੁਲਮ, ਗੈਗਸਟਰਾਂ ਵਿੱਚ ਵਾਧੇ ਦੇ ਕਾਰਨ, ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜਾਰੀ, ਵਿਧਵਾਵਾਂ ਨਾਲ ਬਖਤਾਵਰਾਂ ਵੱਲੋਂ ਕੀਤੇ ਜਾਂਦੇ ਧੱਕੇ ਨੂੰ ਵਿਖਾਉਣ ਵਿੱਚ ਕਾਮਯਾਬ ਰਹੀ ਹੈ। ਅੱਜ 30 ਅਗਸਤ ਨੂੰ ਰਿਲੀਜ ਹੋਣ ਜਾ ਰਹੀ ਇਹ ਫਿਲਮ ਗਾਂਧੀ-3 ਯਾਰਾਂ ਦਾ ਯਾਰ ਦਰਸਕਾਂ ਦੀ ਕਸਵੱਟੀ ਤੇ ਕਿੰਨਾ ਖਰਾ ਉਤਰਦੀ ਹੈ, ਇਹ ਤਾਂ ਆਉਣ ਵਾਲੇ ਹਫ਼ਤੇ ਦੌਰਾਨ ਦਰਸ਼ਕਾਂ ਤੋਂ ਮਿਲੀ ਰੇਟਿੰਗ ਦੇ ਆਧਾਰ ਤੇ ਤੈਅ ਹੋ ਜਾਵੇਗਾ, ਪਰ ਦੇਵ ਖਰੌੜ ਸਮੇਤ ਫਿਲਮ ਦੀ ਸਾਰੀ ਟੀਮ ਨੇ ਫਿਲਮ ਨੂੰ ਸਫਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸਵ. ਰੁਪਿੰਦਰ ਗਾਂਧੀ ਨੂੰ ਪਿਆਰ ਕਰਨ ਵਾਲੇ ਕਾਲਜਾਂ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਇੱਕ ਵਾਰ ਫ਼ੇਰ ਗਾਂਧੀ ਦਾ ਅਕਸ ਮੁੜ ਤੋਂ ਸੁਰਜੀਤ ਕਰਨ ਵਿੱਚ ਕਿੰਨਾ ਕੁ ਸਾਰਥਿਕ ਰੋਲ ਅਦਾ ਕਰਦੀ ਹੈ ਇਹ ਫਿਲਮ ਗਾਂਧੀ-3, ਇਸਦਾ ਫੈਸਲਾ ਤਾਂ ਦਰਸਕ ਹੀ ਕਰਨਗੇ।