ਸੁਨਾਮ : ਖੇਤ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਨੂੰ ਲੈਕੇ ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਮਜ਼ਦੂਰ ਆਗੂਆਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਫ਼ਤਰ ਮੰਗ ਪੱਤਰ ਦਿੱਤਾ। ਖੇਤ ਮਜ਼ਦੂਰਾਂ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਮਜ਼ਦੂਰ ਆਗੂਆਂ ਧਰਮਪਾਲ ਨਮੋਲ ਅਤੇ ਸੱਤਪਾਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਚ ਆਉਣ ਤੋਂ ਪਹਿਲਾਂ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਬਹੁਤ ਸਾਰੇ ਵਾਅਦੇ ਕੀਤੇ ਗਏ ਪਰੰਤੂ ਉਹ ਅਮਲੀ ਰੂਪ ਚ ਲਾਗੂ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਅੱਜ ਵੀ ਖੇਤ ਮਜ਼ਦੂਰਾਂ ਨੂੰ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਲੈਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਪ੍ਰਸ਼ਾਸਨ ਦੇ ਨੱਕ ਹੇਠ ਪਿੰਡਾਂ ਅੰਦਰ ਲਗਾਤਾਰ ਡੰਮੀ ਬੋਲੀਆਂ ਹੋ ਰਹੀਆਂ ਹਨ।ਜਿਸ ਕਾਰਨ ਖੇਤ ਮਜ਼ਦੂਰ ਜਮੀਨਾਂ ਤੋਂ ਵਾਂਝੇ ਰਹਿ ਰਹੇ ਹਨ।ਜਮੀਨ ਹੱਦਬੰਦੀ ਕਾਨੂੰਨ ਲਾਗੂ ਕਰਨ ਦੀ ਗੱਲ ਤਾਂ ਬਹੁਤ ਦੂਰ ਰਹੀ। ਇਸੇ ਤਰ੍ਹਾਂ ਨਾ ਹੀ ਖੇਤ ਮਜ਼ਦੂਰਾਂ ਨੂੰ ਪਿੰਡਾਂ ਅੰਦਰ ਪਲਾਟ ਅਲਾਟ ਹੋਏ ਹਨ ਅਤੇ ਨਾ ਹੀ ਜਿਹੜੇ ਪਿੰਡਾਂ ਚ ਪਲਾਟ ਅਲਾਟ ਹੋਏ ਹਨ ਉਹਨਾਂ ਦਾ ਪੇਂਡੂ ਧਨਾਢ ਲੋਕਾਂ ਤੋਂ ਕਬਜ਼ਾ ਛੁਡਵਾਕੇ ਖੇਤ ਮਜ਼ਦੂਰਾਂ ਨੂੰ ਦਿੱਤਾ ਗਿਆ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਖੇਤ ਮਜ਼ਦੂਰਾਂ ਸਿਰ ਚੜਿਆ ਕਰਜ਼ਾ ਵੀ ਜਿਉਂ ਦੀ ਤਿਉਂ ਮੂੰਹ ਅੱਡੀ ਖੜ੍ਹਾ ਹੈ।ਇਸੇ ਤਰ੍ਹਾਂ ਖੇਤ ਮਜ਼ਦੂਰਾਂ ਦੀਆਂ ਹੋਰ ਵੀ ਵੱਖ-ਵੱਖ ਮੰਗਾਂ ਪੂਰੀਆਂ ਨਹੀਂ ਹੋ ਸਕੀਆਂ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਫ਼ਤਰ ਤੋਂ ਭਰੋਸਾ ਦਿਵਾਇਆ ਗਿਆ ਹੈ ਕਿ ਫੌਰੀ ਦੇ ਵਿੱਚ ਰਵਿਦਾਸਪੁਰਾ ਟਿੱਬੀ ਵਿੱਚ ਮਨਰੇਗਾ ਦਾ ਕੰਮ ਸ਼ੁਰੂ ਕੀਤਾ ਜਾਵੇਗਾ।ਪਿੰਡ ਨਮੋਲ ਅਤੇ ਬਿਗੜਵਾਲ ਦੀਆਂ ਪੰਚਾਇਤੀ ਰਿਜ਼ਰਵ ਕੋਟੇ ਦੀਆਂ ਜਮੀਨਾਂ ਦੀ ਮਿਣਤੀ ਕਰਵਾਈ ਜਾਵੇਗੀ। ਇਸੇ ਤਰ੍ਹਾਂ ਪਿੰਡ ਛਾਜਲੀ ਵਿਖੇ ਪੰਚਾਇਤੀ ਰਿਜ਼ਰਵ ਕੋਟੇ ਦਾ ਟੱਕ ਅਗਲੇ ਸਾਲ ਲਈ ਇਕੱਠਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖੇਤ ਮਜ਼ਦੂਰਾਂ ਦੀਆਂ ਬਾਕੀ ਮੰਗਾਂ ਨੂੰ ਅਮਲੀ ਰੂਪ ਚ ਲਾਗੂ ਕਰਨ ਦਾ ਭਰੋਸਾ ਦਿਵਾਇਆ । ਵਫ਼ਦ ਵਿੱਚ ਪਰਮਜੀਤ ਕੌਰ ਰਵਿਦਾਸਪੁਰਾ, ਟਿੱਬੀ ਦਲਜੀਤ ਕੌਰ ਰਵਿਦਾਸਪੁਰਾ ਟਿੱਬੀ,ਜੀਤ ਸਿੰਘ ਰਵਿਦਾਸਪੁਰਾ ਟਿੱਬੀ, ਲਾਲ ਸਿੰਘ ,ਬਾਬੂ ਸਿੰਘ ਨਮੋਲ, ਬਲਜੀਤ ਸਿੰਘ ਨਮੋਲ, ਜਗਸੀਰ ਸਿੰਘ ਬਿਗੜਵਾਲ,ਧੰਨਾ ਸਿੰਘ ਬਿਗੜਵਾਲ, ਮਨਜੀਤ ਕੌਰ ਸ਼ੇਰੋਂ,ਜਸਵੀਰ ਕੌਰ , ਸੰਦੀਪ ਸਿੰਘ ਛਾਜਲੀ ਆਦਿ ਸ਼ਾਮਿਲ ਸਨ। ਇਸੇ ਦੌਰਾਨ ਖੇਤ ਮਜ਼ਦੂਰ ਆਗੂਆਂ ਨੇ ਐਨ ਆਈ ਏ ਵੱਲੋਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ ਅਤੇ ਹੋਰ ਥਾਵਾਂ ਤੇ ਕੀਤੀ ਛਾਪੇਮਾਰੀ ਦੀ ਸਖਤੁ ਨਿੰਦਾ ਕੀਤੀ।