ਸਿੱਖ ਇਤਿਹਾਸ ਵਿੱਚ ਪ੍ਰਮਾਤਮਾ ਤੇ ਅਟੱਲ ਵਿਸ਼ਵਾਸ਼ ਰੱਖਣ ਵਾਲੇ ਅਨੇਕਾਂ ਹੀ ਸੰਤਾਂ, ਭਗਤਾਂ ਅਤੇ ਮਹਾਂਪੁਰਖਾਂ ਦੀਆਂ ਜੀਵਨ ਕਥਾਵਾਂ ਅਤੇ ਸਾਖੀਆਂ ਸਦੀਆਂ ਤੋਂ ਰਾਹ ਦਸੇਰਾ ਬਣਦੀਆਂ ਆ ਰਹੀਆਂ ਹਨ। ਬੀਬੀ ਰਜਨੀ ਸਿੱਖ ਇਤਿਹਾਸ ਦੀ ਉਹ ਮਾਣਮੱਤੀ ਸ਼ਖ਼ਸ਼ੀਅਤ ਹੈ, ਜਿਸਦੇ ਸਬਰ, ਸਿਦਕ, ਹੌਸਲਾ, ਦ੍ਰਿੜਤਾ, ਪਤੀਬਰਤਾ, ਸੇਵਾ ਅਤੇ ਸਿਮਰਨ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਪੱਟੀ ਰਿਆਸਤ ਦੇ ਜਗੀਰਦਾਰ ਦੁਨੀ ਚੰਦ ਦੀ ਦੂਸਰੀ ਪਤਨੀ ਦੀ ਕੁੱਖੋਂ ਜਨਮੀ ਬੀਬੀ ਰਜਨੀ ਬਚਪਨ ਤੋਂ ਹੀ ਪ੍ਰਭੂ ਪ੍ਰਮਾਤਮਾ ਦਾ ਸਿਮਰਨ ਕਰਨ ਅਤੇ ਪ੍ਰਮਾਤਮਾ ਦੀ ਹੋਂਦ ਨੂੰ ਮੰਨਣ ਵਾਲੀ ਸੀ। ਉਸਦੇ ਪਿਤਾ ਦੁਨੀ ਚੰਦ ਨੂੰ ਆਪਣੇ ਘਰ ਸੱਤ ਧੀਆਂ ਹੋਣ ਦਾ ਦੁੱਖ ਅਤੇ ਉਸਦੀ ਰਿਆਸਤ ਦਾ ਵਾਰਿਸ ਨਾ ਹੋਣ ਦਾ ਦੁੱਖ ਉਸਦੇ ਨਾਸਤਿਕ ਬਣਨ ਦਾ ਕਾਰਨ ਬਣਦਾ ਹੈ। ਅਮਰ ਹੁੰਦਲ ਦੀ ਡਾਇਰੈਕਸ਼ਨ ਹੇਠ ਤਿਆਰ ਹੋਈ ਇਸ ਇਤਿਹਾਸਿਕ ਪੰਜਾਬੀ ਫਿਲਮ ਵਿੱਚ ਬੀਬੀ ਰਜਨੀ ਤੇ ਜਨਮ ਤੋਂ ਪਹਿਲਾਂ ਦੇ ਹਾਲਾਤ, ਬੀਬੀ ਰਜਨੀ ਦਾ ਜਨਮ, ਦੁਨੀ ਚੰਦ ਦਾ ਨਾਸਤਿਕ ਹੋਣਾ, ਬੀਬੀ ਰਜਨੀ ਦਾ ਪ੍ਰਮਾਤਮਾ ਵਿੱਚ ਅਟੱਲ ਵਿਸ਼ਵਾਸ਼, ਗੁਆਢੀਂ ਰਾਜੇ ਦੇ ਪੁੱਤਰ ਦਾ ਬੀਬੀ ਰਜਨੀ ਦੇ ਮੰਤਰਮੁਗਧ ਹੋਣਾ, ਦੁਨੀ ਚੰਦ ਦੀ ਹਊਮੈ, ਬੀਬੀ ਰਜਨੀ ਦਾ ਮੋਹਣੇ ਕੋਹੜੀ ਨਾਲ ਵਿਆਹ, ਬੀਬੀ ਰਜਨੀ ਦੀ ਪਤੀਬਰਤਾ ਅਵਸਥਾ, ਆਪਣੇ ਪਤੀ ਦੀ ਸੇਵਾ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਚੱਕ ਰਾਮਦਾਸਪੁਰ (ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਪਾਵਨ ਸਰੋਵਰ ਵਿੱਚ ਕਾਵਾਂ ਦਾ ਹੰਸ ਬਣਨਾ ‘ਕਾਗਹੁ ਹੰਸੁ ਕਰੇਇ’ ਅਤੇ ਕੋਹੜੀ ਦਾ ਰੋਗ ਨਿਵਿਰਤ ਹੋਣਾ ਵਰਗੇ ਅਹਿਮ ਦ੍ਰਿਸ਼ਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ। ਇਸਦੇ ਨਾਲ ਹੀ ਅਜੋਕੇ ਸਮੇਂ ਦੀ ਸਮਾਜਿਕ ਕੁਰੀਤੀ ਦਰੱਖਤਾਂ ਨੂੰ ਅੱਗਾਂ ਲਾ ਕੇ ਵਾਤਾਵਰਣ ਨੂੰ ਪ੍ਰਦੂਸਿਤ ਕਰਨ ਤੋਂ ਬਚਾਉਣ ਲਈ ਵੀ ਇਹ ਫਿਲਮ ਸਾਰਥਿਕ ਸੁਨੇਹਾ ਦੇਣ ਵਿੱਚ ਕਾਮਯਾਬ ਰਹੀ ਹੈ।
ਇਸ ਇਤਿਹਾਸਿਕ ਅਤੇ ਨਿਰੋਲ ਪਰਿਵਾਰਕ ਫ਼ਿਲਮ ਦੇ ਪੋਡਿਊਸਰ ਨਿਤੀਨ ਤਲਵਾਰ, ਪਿੰਕੀ ਧਾਲੀਵਾਲ ਅਤੇ ਗੁਰਕਰਨ ਧਾਲੀਵਾਲ ਹਨ ਅਤੇ ਨਾਮਵਰ ਸਿਨੇਮਾਗ੍ਰਾਫਰ ਬਲਜੀਤ ਸਿੰਘ ਦਿਓ ਵੱਲੋਂ ਫਿਲਮ ਨੂੰ ਫਿਲਮਾਇਆ ਗਿਆ ਹੈ। ਫ਼ਿਲਮ ਦਾ ਸੰਗੀਤ ਐਵੀ ਸਰਾਂ ਦੁਆਰਾ ਦਿੱਤਾ ਗਿਆ ਹੈ ਅਤੇ ਇਸਦੇ ਗੀਤਾਂ ਨੂੰ ਜਸ ਬਾਜਵਾ, ਜਿਓਤਕਾ ਤਾਂਗਰੀ, ਹਰਮਨਜੀਤ ਸਿੰਘ ਵੱਲੋਂ ਗਾਇਆ ਗਿਆ ਹੈ। ਫਿਲਮ ਬੀਬੀ ਰਜਨੀ ਦੀ ਕਹਾਣੀ ਅਮਰ ਹੁੰਦਲ ਅਤੇ ਬਲਦੇਵ ਗਿੱਲ ਵੱਲੋਂ ਲਿਖੀ ਗਈ ਹੈ।
ਬੀਬੀ ਰਜਨੀ ਫਿਲਮ ਨਵੀਂ ਪੀੜੀ ਨੂੰ ਸਿੱਖ ਇਤਿਹਾਸ ਦੀ ਉਸ ਮਹਾਨ ਸ਼ਖਸ਼ੀਅਤ ਬੀਬੀ ਰਜਨੀ ਦੇ ਜੀਵਨ ਤੋਂ ਰੂਬਰੂ ਕਰਵਾਉਣ ਵਿੱਚ ਪੂਰਨ ਤੌਰ ਤੇ ਸਫ਼ਲ ਰਹੀ ਹੈ। ਇਸ ਫ਼ਿਲਮ ਵਿੱਚ ਬੀਬੀ ਰਜਨੀ ਦੀ ਭੂਮਿਕਾ ਰੂਪੀ ਗਿੱਲ ਨੇ ਨਿਭਾਈ ਹੈ, ਜਦਕਿ ਯੋਗਰਾਜ ਸਿੰਘ, ਜਸ ਬਾਜਵਾ, ਗੁਰਪ੍ਰੀਤ ਘੁੱਗੀ, ਪਰਦੀਪ ਚੀਮਾ, ਸੁਨੀਤਾ ਧੀਰ, ਗੁਰਪ੍ਰੀਤ ਭੰਗੂ, ਸੀਮਾ ਕੌਸਲ, ਧੀਰਜ ਕੁਮਾਰ, ਜਰਨੈਲ ਸਿੰਘ, ਬੀ.ਐਨ.ਸ਼ਰਮਾ, ਜੰਗ ਬਹਾਦਰ ਸਿੰਘ ਸਮੇਤ ਹੋਰਨਾਂ ਅਦਾਕਾਰਾਂ ਨੇ ਆਪੋ ਆਪਣੀ ਭੂਮਿਕਾ ਨੂੰ ਬਹੁਤ ਹੀ ਬਾਖੂਬੀ ਨਿਭਾਇਆ ਹੈ।
ਬੀਬੀ ਰਜਨੀ ਫਿਲਮ ਸਿੱਖ ਇਤਿਹਾਸ ਵਿੱਚ ਇੱਕ ਵੱਖਰੇ ਹਸਤਾਖਰ ਦੇ ਰੂਪ ਵਿੱਚ ਜਾਣੀ ਜਾਵੇਗੀ, ਹੁਣ ਵੇਖਣਾ ਇਹ ਹੈ ਕਿ ਇੰਟਰਨੈਟ ਅਤੇ ਗਲੋਬਲਾਈਜੇਸ਼ਨ ਦੀ ਚਕਾਚੌਂਧ ਅਤੇ ਸ਼ੋਸਲ ਮੀਡੀਆ ਦੀ ਦੁਨੀਆਂ ਵਿੱਚ ਗੁਆਚੀ ਨਵੀਂ ਪੀੜੀ ਲਈ ਇਸ ਫਿਲਮ ਨੂੰ ਕਿੰਨਾ ਕੁ ਪਸੰਦ ਕਰਦੀ ਹੈ, ਕਿਉਕਿ ਦਰਸ਼ਕਾਂ ਦੀ ਪਸੰਦ ਮਗਰੋਂ ਹੀ ਪੋਡਿਊਸਰ ਅਤੇ ਨਿਰਮਾਤਾ ਅਜਿਹੀਆਂ ਇਤਿਹਾਸਿਕ ਫਿਲਮਾਂ ਬਣਾਉਣ ਦਾ ਹੀਆ ਕਰਦੇ ਹਨ। ਪੂਰੀ ਤਰ੍ਹਾਂ ਪਰਿਵਾਰਕ ਫਿਲਮ ਹੋਣ ਦੇ ਨਾਲ ਨਾਲ ਇਤਿਹਾਸਿਕ ਗਿਆਨ ਵਿੱਚ ਵਾਧਾ ਕਰਨ ਵਾਲੀ ਇਹ ਪੰਜਾਬੀ ਫਿਲਮ ‘ਬੀਬੀ ਰਜਨੀ’ ਸਮੁੱਚੇ ਪੰਜਾਬੀਆਂ ਨੂੰ ਪਰਿਵਾਰਾਂ ਸਮੇਤ ਜਰੂਰ ਵੇਖਣੀ ਚਾਹੀਦੀ ਹੈ।
ਸੁਖਜਿੰਦਰ ਸੋਢੀ
9876727505