ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵੱਲੋਂ ਕੌਮੀ ਸਿੱਖਿਆ ਨੀਤੀ ਸੰਬੰਧੀ ਅੱਠ ਦਿਨਾ ਪ੍ਰੋਗਰਾਮ ਸ਼ੁਰੂ ਕਰਵਾਇਆ ਗਿਆ। ਸੈਂਟਰ ਦੇ ਡਾਇਰੈਕਟਰ ਡਾ. ਰਮਨ ਮੈਣੀ ਨੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਅਧਿਆਪਕਾਂ ਨੂੰ ਅਕਾਦਮਿਕ ਗੁਣਵੱਤਾ, ਪ੍ਰਭਾਵਸ਼ਾਲੀ ਪੇਸ਼ੇਵਰ ਪ੍ਰਦਰਸ਼ਨ ਅਤੇ ਰਾਸ਼ਟਰੀ ਪੁਨਰ ਨਿਰਮਾਣ ਦੇ ਕੰਮ ਵਿੱਚ ਸਰਗਰਮ ਸ਼ਮੂਲੀਅਤ ਲਈ ਤਿਆਰ ਕਰਨ ਦੇ ਉਦੇਸ਼ ਨਾਲ਼ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ ਨਾਲ਼ ਸੰਬੰਧਤ ਪ੍ਰੋ ਰੇਖਾ ਭਾਨ ਕੌਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਯੂ. ਜੀ.ਸੀ.-ਐੱਮ. ਐੱਚ. ਆਰ. ਡੀ. ਦੇ ਦਿਸ਼ਾ ਨਿਰਦੇਸ਼ਾਂ ਉੱਤੇ ਕਰਵਾਇਆ ਜਾ ਰਿਹਾ ਇਹ ਪ੍ਰੋਗਰਾਮ 12 ਸਤੰਬਰ ਤੱਕ ਚੱਲਣਾ ਹੈ। ਉਨ੍ਹਾਂ ਦੱਸਿਆ ਕਿ ਡਾ. ਮਮਤਾ ਸ਼ਰਮਾ ਅਤੇ ਡਾ. ਜਗਪ੍ਰੀਤ ਕੌਰ ਇਸ ਕੋਰਸ ਦੇ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਉਣਗੇ। ਦੁਨੀਆਂ ਭਰ ਤੋਂ ਵੱਖ-ਵੱਖ ਵਿਦਵਾਨ ਆਨਲਾਈਨ ਮੋਡ ਰਾਹੀਂ ਮਾਹਿਰ ਵਜੋਂ ਇਸ ਵਿਸ਼ੇ ਨਾਲ਼ ਸੰਬੰਧਤ ਆਪਣੀ ਗੱਲਬਾਤ ਰੱਖਣਗੇ।
ਪ੍ਰੋ. ਰੇਖਾ ਭਾਨ ਕੌਲ, ਜੋ ਕਿ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਦੇ ਸਟੈਮ ਰਿਸਰਚ ਗਰੁੱਪ ਵਿਖੇ ਡੀਨ ਇੰਟਰਨੈਸ਼ਨਲ ਵਜੋਂ ਵਿਚਰ ਰਹੇ ਹਨ, ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਕੌਮੀ ਸਿਖਿਆ ਨੀਤੀ 2020 ਸਾਡੇ ਨੌਜਵਾਨਾਂ ਨੂੰ ਵਰਤਮਾਨ ਅਤੇ ਭਵਿੱਖ ਦੀਆਂ ਵਿਭਿੰਨ ਰਾਸ਼ਟਰੀ ਅਤੇ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰੇਗੀ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਨੀਤੀ ਰਵਾਇਤੀ ਗਿਆਨ ਨੂੰ ਆਧੁਨਿਕ ਹੁਨਰਾਂ ਨਾਲ ਜੋੜ ਕੇ ਵਿਦਿਆਰਥੀਆਂ ਵਿੱਚ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ।
ਕੋਰਸ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਨੇ ਕੋਰਸ ਵਿੱਚ ਭਾਗ ਲੈਣ ਵਾਲਿਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਵੱਖ-ਵੱਖ ਵਿਸ਼ਿਆਂ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਸਰਗਰਮ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ। ਉਦਘਾਟਨੀ ਸੈਸ਼ਨ ਦੇ ਅੰਤ ਵਿੱਚ ਡਾ. ਜਗਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।