ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਪਿਛਲੇ ਦਿਨੀਂ ਬਲੂਏਵਜ਼ ਈ-ਹੈਲਥ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨਾਲ਼ ਹੋਏ ਇਕਰਾਰਨਾਮੇ ਤਹਿਤ ਇੱਕ-ਰੋਜ਼ਾ ਵਰਕਸ਼ਾਪ ਕਰਵਾਈ ਗਈ। 'ਪਾਈਥਨ ਪ੍ਰੋਗਰਾਮਿੰਗ' ਵਿਸ਼ੇ ਉੱਤੇ ਕਰਵਾਈ ਇਸ ਵਰਕਸ਼ਾਪ ਵਿੱਚ, ਪਾਈਥਨ ਪ੍ਰੋਗਰਾਮਿੰਗ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ ਗਈ। ਐੱਮ.ਸੀ.ਏ. ਸਮੈਸਟਰ-ਪਹਿਲਾ ਦੇ ਵਿਦਿਆਰਥੀਆਂ ਅਤੇ ਅੰਡਰ ਗਰੈਜੂਏਟ ਪੀ.ਜੀ.(ਪੰਜ ਸਾਲਾ ਏਕੀਕ੍ਰਿਤ) ਸਮੈਸਟਰ-ਸੱਤਵਾਂ ਦੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਭਾਗ ਲਿਆ। ਵਰਕਸ਼ਾਪ ਦਾ ਸੰਚਾਲਨ ਬਲੂਏਵਜ਼ ਈ-ਹੈਲਥ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਤੋਂ ਪੁੱਜੇ ਸ. ਆਸ਼ੀਸ਼ ਅਤੇ ਆਕਾਸ਼ ਨੇ ਕੀਤਾ।
ਕੰਪਿਊਟਰ ਸਾਇੰਸ ਵਿਭਾਗ ਦੇ ਖੋਜਾਰਥੀ ਪ੍ਰਿਅੰਕਾ ਅਤੇ ਭਵਨੀਤ ਨੇ ਵੀ ਵਿਸ਼ਾ ਮਾਹਿਰ ਵਜੋਂ ਸੇਵਾਵਾਂ ਨਿਭਾਈਆਂ। ਸਿਧਾਂਤਕ ਕਲਾਸਾਂ ਵਿੱਚ ਪਾਇਥਨ ਬਾਰੇ ਬੁਨਿਆਦੀ ਸਿੱਖਿਆ ਹਾਸਿਲ ਕਰ ਰਹੇ ਵਿਦਿਆਰਥੀਆਂ ਨੇ ਵਰਕਸ਼ਾਪ ਵਿੱਚ ਪਾਇਥਨ ਪ੍ਰੋਗਰਾਮਿੰਗ ਦਾ ਬਹੁਤ ਅਭਿਆਸ ਕੀਤਾ। ਵਿਦਿਆਰਥੀਆਂ ਨੇ ਕੋਡਿੰਗ ਕਰਦੇ ਹੋਏ ਆਪਣੇ ਵੱਖ-ਵੱਖ ਤਰ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ ਅਤੇ ਇਸ ਤਰ੍ਹਾਂ ਬਹੁਤ ਸਾਰੇ ਸੰਕਲਪਾਂ ਬਾਰੇ ਜਾਣਿਆ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਗਗਨਦੀਪ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਦੌਰਾਨ, ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਮੌਜੂਦਾ ਸਥਿਤੀ ਵਿੱਚ ਕੰਪਨੀਆਂ ਨੂੰ ਹੁਨਰਮੰਦ ਵਿਦਿਆਰਥੀਆਂ ਦੀ ਲੋੜ ਹੈ।
ਹੁਨਰ ਨੂੰ ਤਜਰਬੇ ਅਤੇ ਅਭਿਆਸ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਵਿਭਾਗ ਦੇ ਵਿਦਿਆਰਥੀਆਂ ਲਈ ਅਜਿਹੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਤਿਆਰ ਕਰਨ ਲਈ ਉਦਯੋਗ ਦੇ ਮਾਹਿਰਾਂ ਦੀ ਸ਼ਮੂਲੀਅਤ ਵਾਲੀਆਂ ਇਸ ਤਰ੍ਹਾਂ ਦੀਆਂ ਹੁਨਰ ਮੁਖੀ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਵਿਭਾਗ ਆਪਣੇ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਦਾ ਪ੍ਰਬੰਧ ਕਰਨ ਲਈ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਰੁਜ਼ਗਾਰ ਅਤੇ ਕਾਉਂਸਲਿੰਗ ਵਿੱਚ ਨਵੇਂ ਵਿਦਿਆਰਥੀਆਂ ਦੀ ਮਦਦ ਕਰ ਸਕਣ। ਵਰਕਸ਼ਾਪ ਦੀ ਸਮਾਪਤੀ ਸ. ਅਮਰਵੀਰ, ਜੋ ਕਿ ਕੰਪਿਊਟਰ ਐਸ.ਸੀ. ਵਿਭਾਗ ਦੇ ਪਲੇਸਮੈਂਟ ਅਤੇ ਵਿਦਿਆਰਥੀ ਗਤੀਵਿਧੀਆਂ ਨੂੰ ਵੇਖਦੇ ਹਨ ਵੱਲੋਂ ਦਿੱਤੇ ਧੰਨਵਾਦੀ ਭਾਸ਼ਣ ਨਾਲ਼ ਹੋਈ।