ਜ਼ੀਰਕਪੁਰ : ਕਮਿਉਨਿਟੀ ਹੈਲਥ ਸੈਂਟਰ ਜ਼ੀਰਕਪੁਰ (ਢਕੋਲੀ) ਵਿਖੇ ਤਾਇਨਾਤ ਨੂੰ ਮਹੀਨਿਆਂ ਦੀ ਗਰਭਵਤੀ ਮੈਡੀਕਲ ਅਫਸਰ ਡਾਕਟਰ ਪ੍ਰਭਜੋਤ ਕੌਰ ਤੇ ਮੈਡੀਕਲ ਸੈਂਟਰ ਵਿੱਚ ਚੋਰੀ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਘਟਨਾ ਬੀਤੀ ਸ਼ਾਮ ਉਸ ਸਮੇਂ ਵਾਪਰੀ, ਜਦੋਂ ਦੋ ਸ਼ੱਕੀ ਵਿਅਕਤੀਆਂ ਨੇ ਜ਼ਬਰਦਸਤੀ ਸੈਂਟਰ ਦੇ ਇੰਜੈਕਸ਼ਨ ਰੂਮ ਵਿੱਚ ਦਾਖਲ ਹੋ ਕੇ ਟੀਕੇ ਅਤੇ ਸਰਿੰਜਾਂ ਚੋਰੀ ਕਰ ਲਈਆਂ।
ਇਸ ਦੌਰਾਨ ਜਦੋਂ ਡਾਕਟਰ ਪ੍ਰਭਜੋਤ ਕੌਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ ਪੁਲੀਸ ਵਲੋਂ ਮਹਿਲਾ ਡਾਕਟਰ ਦੀ ਸ਼ਕਾਇਤ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਬੀ ਐਨ ਐਸ ਦੀਆਂ ਧਾਰਾਵਾਂ 221, 132, 331/4, 307 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਾ਼ ਪ੍ਰਭਜੋਤ ਕੌਰ ਨੇ ਕਿਹਾ ਕਿ ਇਹ ਘਟਨਾ ਸਿਹਤ ਕੇਂਦਰਾਂ ਵਿੱਚ ਤਾਇਨਾਤ ਮੈਡੀਕਲ ਸਟਾਫ ਦੀ ਸੁਰੱਖਿਆ ਤੇ ਸਵਾਲ ਖੜ੍ਹੇ ਕਰਦੀ ਹੈ। ਉਹਨਾਂ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੇਅਰ ਸਰਵਿਸ ਪਰਸਨਜ਼ ਐਂਡ ਮੈਡੀਕੇਅਰ ਸਰਵਿਸ ਇੰਸਟੀਚਿਊਸ਼ਨਜ਼ (ਪ੍ਰੀਵੈਂਸ਼ਨ ਆਫ ਵਾਇਲੈਂਸ ਐਂਡ ਡੈਮੇਜ ਟੂ ਪ੍ਰਾਪਰਟੀ) ਐਕਟ, 2008 ਦਾ ਹਵਾਲਾ ਦਿੰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਡੀ ਐਸ ਪੀ ਜੀਰਕਪੁਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਵਾਰਦਾਤ ਲਈ ਜਿੰਮੇਵਾਰ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋਂ ਇਹਨਾਂ ਵਿੱਚੋਂ ਇੱਕ ਦੀ ਪਛਾਣ ਕਰ ਲਈ ਗਈ ਹੈ ਤੇ ਉਸਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।