ਮਤਲਬਪ੍ਰਸਤੀ ਅਤੇ ਪਦਾਰਥਵਾਦ ਦੇ ਅਜੌਕੇ ਯੁੱਗ ਅੰਦਰ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਦਿਨ ਪ੍ਰਤੀ ਦਿਨ ਗ਼ਲਤਫ਼ਹਿਮੀਆਂ ਕਾਰਨ ਟੁੱਟਦੀਆਂ ਜਾ ਰਹੀਆਂ ਹਨ ਅਤੇ ਸਭ ਤੋਂ ਗੂੜਾ ਮਾਂ-ਪਿਓ ਦਾ ਰਿਸ਼ਤਾ ਵੀ ਹੁਣ ਪੀੜ੍ਹੀਆਂ ਦੀ ਸੋਚ ਦੇ ਫ਼ਰਕ ਦੀ ਭੇਂਟ ਚੜ੍ਹਦਾ ਜਾ ਰਿਹਾ ਹੈ। ਪ੍ਰਸਿੱਧ ਅਦਾਕਾਰ ਗਿੱਪੀ ਗਰੇਵਾਲ ਦੀ ਲਿਖੀ ਕਹਾਣੀ ਤੇ ਆਧਾਰਿਤ ਦੀ ਅਰਦਾਸ ਫਿਲਮ ਦੀ ਚੱਲ ਰਹੀ ਲੜੀ ’ਤੇ ਆਧਾਰਿਤ ਤੀਸਰਾ ਭਾਗ ਅਰਦਾਸ ‘ਸਰਬੱਤ ਦੇ ਭਲੇ ਦੀ’ ਨੂੰ ਜੀਓ ਸਟੂਡੀਓ, ਹੰਬਲ ਮੋਸ਼ਨ ਪਿਕਚਰਜ ਤੇ ਪਨੋਰਮਾਂ ਸਟੂਡੀਓ ਕੰਪਨੀਆਂ ਵੱਲੋਂ ਪੇਸ਼ ਕੀਤਾ ਗਿਆ ਹੈ।
ਇਸ ਫਿਲਮ ਦੀ ਕਹਾਣੀ ਵਿੱਚ ਗੁਰਮੁੱਖ ਸਿੰਘ (ਗੁਰਪ੍ਰੀਤ ਘੁੱਗੀ) ਪਿੰਡ ਦੀ ਸੰਗਤ ਨੂੰ ਮੱਥਾ ਟਿਕਵਾਉਣ ਲਈ ਤਖ਼ਤ ਸ੍ਰੀ ਹਜੂਰ ਸਾਹਿਬ ਲਈ ਬੱਸ ਰਾਹੀਂ ਲੈ ਕੇ ਜਾਂਦਾ ਹੈ। ਇਸ ਬੱਸ ਵਿੱਚ ਆਪਣੇ ਪੁੱਤਰ ਸਹਿਜ (ਗਿੱਪੀ ਗਰੇਵਾਲ) ਦੇ ਜਨਮ ਵੇਲੇ ਦੀ ਸੁੱਖੀ ਸੁੱਖ ਨੂੰ ਲਾਹੁਣ ਲਈ ਗੁਰਦਿਆਲ ਸਿੰਘ (ਮਲਕੀਤ ਰੌਣੀ), ਫ਼ਿਲਮ ਦੀ ਅਦਾਕਾਰਾ ਜੈਸਮੀਨ ਭਸੀਨ, ਪ੍ਰਿੰਸ ਕੰਵਲਜੀਤ ਸਿੰਘ (ਸਾਧੂ ਸਿੰਘ), ਨਿਰਮਲ ਰਿਸ਼ੀ (ਸੰਤੀ), ਰਘਬੀਰ ਬੋਲੀ (ਕਮਲ), ਰੁਪਿੰਦਰ ਰੂਪੀ ਅਤੇ ਹੋਰ ਅਦਾਕਾਰ ਵੀ ਸਫ਼ਰ ਕਰ ਰਹੇ ਹਨ। ਰਾਣਾ ਜੰਗ ਬਹਾਦਰ (ਖਾਨ ਚਾਚਾ) ਇਸ ਬੱਸ ਦੇ ਡਰਾਈਵਰ ਹਨ। ਸਰਦਾਰ ਸੋਹੀ ਅਤੇ ਸੀਮਾ ਕੌਸਲ ਦੋਵੇਂ ਬਜ਼ੁਰਗ ਪਿੱਛੇ ਆਪਣੇ ਘਰ ਦੀ ਰਾਖੀ ਕਰਦੇ ਹਨ। ਫਿਲਮ ਦੀ ਕਹਾਣੀ ਇਸ ਬੱਸ ਵਿੱਚ ਸਫਰ ਕਰ ਰਹੇ ਸਮੁੱਚੇ ਮੁਸਾਫਿਰਾਂ ਦੀ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਉਨ੍ਹਾਂ ਦੇ ਜੀਵਨ ਵਿੱਚ ਆਈ ਤਬਦੀਲੀ ’ਤੇ ਆਧਾਰਿਤ ਹੈ। ਫ਼ਿਲਮ ਦੀ ਕਹਾਣੀ ਹਰ ਪਲ ਨਵਾਂ ਮੋੜ ਲੈਣ ਵਿੱਚ ਸਫ਼ਲ ਹੁੰਦੀ ਹੈ ਅਤੇ ਦਰਸ਼ਕ ਫ਼ਿਲਮ ਦੇ ਅਗਲੇ ਸੀਨ ਲਈ ਬੇਤਾਬ ਰਹਿੰਦੇ ਹਨ। ਫਿਲਮ ਅਜੌਕੇ ਮਨੁੱਖ ਦੀ ਅੰਦਰਲੀ ਬਿਰਤੀ ਨੂੰ ਉਜਾਗਰ ਕਰਦੀ ਹੋਈ ਵਿਖਾਉਂਦੀ ਹੈ ਕਿ ਕਿਵੇਂ ਉਪਰੋਂ ਖ਼ੁਸ਼ ਰਹਿਣ ਵਾਲੇ ਮਨੁੱਖ ਅੰਦਰੋਂ ਟੁੱਟੇ ਹੁੰਦੇ ਹਨ ਅਤੇ ਅੱਜ ਦੇ ਸਮੇਂ ਦੌਰਾਨ ਤਕਰੀਬਨ ਹਰੇਕ ਪਰਿਵਾਰ ਅੰਦਰ ਮਾਪਿਆਂ ਦਾ ਘੱਟ ਰਿਹਾ ਸਤਿਕਾਰ ਕਿਵੇਂ ਬਜ਼ਰੁਗਾਂ ਦੇ ਹਿਰਦੇ ਵਲੂੰਧਰਦਾ ਹੈ। ਫਿਲਮ ਇਹ ਵਿਖਾਉਣ ਦੀ ਕੋਸ਼ਿਸ਼ ਵਿੱਚ ਹੈ ਕਿਵੇਂ ਹਰੇਕ ਇਨਸਾਨ ਦੇ ਜੀਵਨ ਵਿੱਚ ਵਾਪਰਦੀਆਂ ਚੰਗੀਆਂ ਮਾੜੀਆਂ ਘਟਨਾਵਾਂ ਮਨੁੱਖੀ ਮਨ ’ਤੇ ਕੀ ਅਸਰ ਪਾਉਂਦੀਆਂ ਹਨ।
ਫਿਲਮ ਵਿੱਚ ਸਮਾਜ ’ਚ ਫੈਲਦੀਆਂ ਜਾ ਰਹੀਆਂ ਅਜੌਕੀਆਂ ਸਮਾਜਿਕ ਕੁਰੀਤੀਆਂ ’ਤੇ ਵੀ ਬਹੁਤ ਖ਼ੂਬਸੂਰਤੀ ਨਾਲ ਚਪੇੜ ਮਾਰੀ ਗਈ ਹੈ। ਫਿਲਮ ਦੀ ਕਹਾਣੀ ਆਮ ਪੰਜਾਬੀ ਫਿਲਮਾਂ ਨਾਲੋਂ ਹਟਕੇ ਹੈ, ਇਸ ਵਿੱਚ ਭਾਵਨਾਤਮਕਤਾ ਅਤੇ ਅਧਿਆਤਮਕਤਾ ਰਾਹੀਂ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਦੀ ਸਕਾਰਾਤਮਕ ਕੋਸ਼ਿਸ਼ ਕੀਤੀ ਗਈ ਹੈ। ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਮਨ ਦੇ ਬੁਝੇ ਦੀਵਿਆਂ ਨਾਲ ਦਿਨਕਟੀ ਕਰਨ ਵਾਲਿਆਂ ਦੇ ਦਿਲਾਂ ਵਿੱਚ ਸਾਰਥਿਕ ਸੋਚ ਅਤੇ ਮੁੜ ਤੋਂ ਜ਼ਿੰਦਗੀ ਨੂੰ ਰੀਝ ਨਾਲ ਜਿਊਣ ਦੀ ਆਸ ਪੈਦਾ ਕਰਨ ਵਿੱਚ ਸਫਲ ਰਹੀ ਹੈ ਇਹ ਫ਼ਿਲਮ ਅਰਦਾਸ ‘ਸਰਬੱਤ ਦੇ ਭਲੇ ਦੀ ਫਿਲਮ।
ਪ੍ਰਸਿੱਧ ਪੰਜਾਬੀ ਗਾਇਕ, ਗੀਤਕਾਰ ਅਤੇ ਸੰਗੀਤਕਾਰ ਹੈਪੀ ਰਾਏਕੋਟੀ ਦੇ ਸੰਗੀਤ ਅਤੇ ਪ੍ਰਸਿੱਧ ਵੀਡੀਓਗ੍ਰਾਫਰ ਬਲਜੀਤ ਸਿੰਘ ਦਿਓ ਦੀ ਦੇਖ ਰੇਖ ਹੇਠ ਬਣੀ ਇਹ ਧਾਰਮਿਕ ਅਤੇ ਪਰਿਵਾਰਕ ਮਨੋਰੰਜਕ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ’ਦਰਸ਼ਕਾਂ ਨੂੰ ਧਾਰਮਿਕਤਾ, ਪੰਜਾਬੀ ਸੱਭਿਅਤਾ ਅਤੇ ਨੈਤਿਕਤਾ ਦੇ ਆਧਾਰ ’ਤੇ ਜੀਵਨ ਜਿਊਣ ਦੀ ਜਾਂਚ ਸਿਖਾਉਂਦੀ ਹੈ। ਫਿਲਮ ਦੇ ਪ੍ਰੀਮੀਅਰ ਸ਼ੋਅ ਦੌਰਾਨ ਪਦਾਰਥਵਾਦ ਦੇ ਯੁੱਗ ’ਚ ਟੁੱਟ ਰਹੇ ਪਰਿਵਾਰਕ ਰਿਸ਼ਤਿਆਂ ਦੀਆਂ ਗੰਢਾਂ ਨੂੰ ਮਜਬੂਤ ਕਰਨ ਵਿੱਚ ਸਫ਼ਲ ਰਹੀ ਹੈ ਪੰਜਾਬੀ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ।
13 ਸਤੰਬਰ ਨੂੰ ਰਿਲੀਜ ਹੋਣ ਜਾ ਰਹੀ ਇਹ ਪੰਜਾਬੀ ਫਿਲਮ ਦਰਸ਼ਕਾਂ ਦੀਆਂ ਆਸਾਂ ਦੀ ਕਸਵੱਟੀ ’ਤੇ ਕਿੰਨਾ ਕੁ ਖਰਾ ਉਤਰ ਕੇ ਉਨ੍ਹਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਿੱਚ ਕਿੰਨਾ ਸਫ਼ਲ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਸੁਖਜਿੰਦਰ ਸੋਢੀ ਕੁਰਾਲੀ
9876727505