ਮ੍ਰਿਤਕਾਂ ਦਾ ਦੂਜੇ ਦਿਨ ਵੀ ਨਹੀਂ ਹੋ ਸਕਿਆ ਪੋਸਟ ਮਾਰਟਮ
ਭਾਕਿਯੂ ਏਕਤਾ ਉਗਰਾਹਾਂ ਮਜ਼ਦੂਰਾਂ ਦੇ ਹੱਕ 'ਚ ਡਟੀ
ਸੁਨਾਮ : ਸੁਨਾਮ ਨੇੜਲੇ ਪਿੰਡ ਬਿਸ਼ਨਪੁਰਾ ਵਿਖੇ ਕੈਂਟਰ ਦੀ ਲਪੇਟ ਵਿੱਚ ਆਉਣ ਨਾਲ ਚਾਰ ਮਨਰੇਗਾ ਕਾਮਿਆਂ ਦੀ ਮੌਤ ਦਾ ਮਾਮਲਾ ਭਖਿਆ ਰਿਹਾ। ਮੁਆਵਜ਼ੇ ਸਮੇਤ ਹੋਰ ਮੰਗਾਂ ਨੂੰ ਲੈਕੇ ਜਥੇਬੰਦੀਆਂ ਵੱਲੋਂ ਰਾਤ ਤੋਂ ਹੀ ਸੁਨਾਮ ਪਟਿਆਲਾ ਮੁੱਖ ਸੜਕ ਤੇ ਧਰਨਾ ਦੇਕੇ ਆਵਾਜਾਈ ਜਾਮ ਕੀਤੀ ਗਈ ਹੈ। ਸੜਕ ਤੇ ਜਾਮ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨਰੇਗਾ ਕਾਮਿਆਂ ਦੀਆਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਸੁਨਾਮ ਦੀ ਮੌਰਚਰੀ ਵਿਚ ਰੱਖੀਆਂ ਗਈਆਂ ਹਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਕਈ ਹੋਰ ਭਰਾਤਰੀ ਜਥੇਬੰਦੀਆਂ ਨੇ ਅੰਦੋਲਨ ਵਿੱਚ ਸ਼ਾਮਿਲ ਹੋਕੇ ਇਨਸਾਫ਼ ਲਈ ਐਕਸ਼ਨ ਕਮੇਟੀ ਗਠਿਤ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਬੁੱਧਵਾਰ ਤੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਬਿਸ਼ਨਪੁਰਾ ਪਿੰਡ ਦੇ ਬੱਸ ਅੱਡੇ ਕੋਲ ਸੜਕ ਤੇ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ ਨਮੋਲ, ਪ੍ਰਗਟ ਸਿੰਘ ਕਾਲਾਝਾੜ, ਮਜ਼ਦੂਰ ਮੁਕਤੀ ਮੋਰਚਾ ਦੇ ਗੋਬਿੰਦ ਸਿੰਘ ਛਾਜਲੀ, ਹਰਪ੍ਰੀਤ ਕੌਰ ਧੂਰੀ, ਕਰਨੈਲ ਸਿੰਘ ਨੀਲੋਵਾਲ, ਹਰਜਸ ਸਿੰਘ ਖਡਿਆਲ, ਕਾਮਰੇਡ ਵਰਿੰਦਰ ਕੌਸ਼ਿਕ, ਭੋਲਾ ਸਿੰਘ ਸੰਗਰਾਮੀ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਕੈਂਟਰ ਦੀ ਲਪੇਟ ਵਿੱਚ ਆ ਕੇ ਮੌਤ ਦੇ ਮੂੰਹ ਜਾ ਪਏ ਚਾਰ ਮਨਰੇਗਾ ਕਾਮਿਆਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਦਸ ਲੱਖ ਰੁਪਏ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ ਕੀਤਾ ਜਾਵੇ। ਮਨਰੇਗਾ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦਾ ਕੋਈ ਕੈਬਨਿਟ ਮੰਤਰੀ ਇੱਥੇ ਪੁੱਜ ਕੇ ਲਿਖਤੀ ਭਰੋਸਾ ਦੇਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਇਸੇ ਦੌਰਾਨ ਸੰਗਰੂਰ ਦੇ ਐਸ ਪੀ ਪਲਵਿੰਦਰ ਸਿੰਘ ਚੀਮਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਲੇਕਿਨ ਮਾਮਲਾ ਸਿਰੇ ਨਹੀਂ ਚੜ੍ਹ ਸਕਿਆ। ਜਿਸ ਕਾਰਨ ਮ੍ਰਿਤਕਾਂ ਦਾ ਪੋਸਟਮਾਰਟਮ ਨਾ ਹੋ ਸਕਿਆ।