ਪਟਿਆਲਾ : ਲਾਅ ਯੂਨੀਵਰਸਿਟੀ ਪਟਿਆਲਾ ਵਿੱਚ ਵਾਪਰੀ ਘਟਨਾ ਨੂੰ ਲੈਕੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਇਕ ਪ੍ਰੈਸ ਨੋਟ ਰਾਹੀਂ ਕਿਹਾ ਕਿ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿਚ ਵਾਪਰੀ ਸ਼ਰਮਨਾਕ ਘਟਨਾ ਉੱਤੇ ਕਾਰਵਾਈ ਕਰਵਾਉਣ ਲਈ ਸਾਰੇ ਵਿਦਿਆਰਥੀ ਪਿਛਲੇ ਪੰਜ ਦਿਨਾਂ ਤੋਂ ਧਰਨੇ ਉੱਤੇ ਬੈਠੇ ਹਨ ਪਰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਇਸ ਦਾ ਕੋਈ ਵੀ ਨੋਟਿਸ ਨਾ ਲੈਣਾ ਤੇ ਕੋਈ ਵੀ ਯੋਗ ਕਾਰਵਾਈ ਨਾ ਕਰਨਾ ਮੰਦਭਾਗਾ ਹੈ। ਓਨ੍ਹਾਂ ਕਿਹਾ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਉਕਤ ਘਟਨਾ ਬਾਰੇ ਸਾਰੀ ਜਾਣਕਾਰੀ ਹਾਸਿਲ ਕਰਕੇ ਉੱਪ ਕੁਲਪਤੀ ਉਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਬਿਨਾਂ ਕਿਸੇ ਨੋਟਿਸ ਦੇ ਸਿੱਧਾ ਲੜਕੀਆਂ ਦੇ ਕਮਰਿਆਂ ਵਿੱਚ ਦਾਖਲ ਹੋ ਕੇ ਪਹਿਲਾਂ ਚੈਕਿੰਗ ਕਰਨਾ ਤੇ ਫੇਰ ਕਪੜਿਆਂ ਨੂੰ ਲੈਕੇ ਗਲਤ ਟਿੱਪਣੀਆਂ ਕਰਨਾ ਬੇਹੱਦ ਮੰਦਭਾਗਾ ਹੈ।
ਬੀਬੀ ਰੰਧਾਵਾ ਨੇ ਕਿਹਾ ਕਿ ਵਿਦਿਆਰਥਨਾਂ ਨੇ ਵੀਸੀ ਦੀ ਇਸ ਕਾਰਵਾਈ ਉੱਤੇ ਗਹਿਰੇ ਸ਼ੰਕੇ ਪ੍ਰਗਟ ਕੀਤੇ ਹਨ।
ਬੀਬੀ ਰੰਧਾਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਅਤੇ ਕਈ ਹੋਰ ਸਿੱਖਿਅਕ ਸੰਸਥਾਵਾਂ ਵਿੱਚ ਸਮੇਂ ਸਮੇਂ ਤੇ ਅਨਸੁਖਾਈਆਂ ਘਟਨਾਵਾਂ ਵਾਪਰੀਆਂ ਹਨ ਜਿਨਾਂ ਨੂੰ ਲੈ ਕੇ ਪੰਜਾਬ ਦੇ ਮਾਪੇ ਆਪਣੀਆਂ ਹੋਸਟਲਾਂ ਅਤੇ ਪੀਜੀ ਵਿੱਚ ਰਹਿ ਰਹੀਆਂ ਬੇਟੀਆਂ ਲਈ ਬਹੁਤ ਚਿੰਤਤ ਹਨ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਬੱਚੀਆਂ ਬੇਹੱਦ ਸਹਿਮ ਜਾਦੀਆਂ ਹਨ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿਸੇ ਨੂੰ ਅਜਿਹੀ ਘਟਨਾ ਨੂੰ ਹਲਕੇ ਵਿੱਚ ਨਾ ਲਿਆ ਜਾਵੇ ਕਿਉੰਕਿ ਅਜਿਹੇ ਜੁਰਮ ਕਰਨ ਬਾਅਦ ਕੋਈ ਵੀ ਕਾਰਵਾਈ ਨਾ ਹੋਣ ਤੇ ਅਜਿਹੇ ਲੋਕਾਂ ਦੇ ਹੌਸਲੇ ਵੱਧਦੇ ਹਨ ਜੋ ਅੱਗੇ ਜਾ ਕੇ ਹਿੰਸਕ ਰੂਪ ਧਾਰਨ ਕਰਨ ਲੈਂਦੇ ਹਨ।
ਬੀਬੀ ਰੰਧਾਵਾ ਨੇ ਕਿਹਾ ਕਿ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਮਹਿਲਾ ਕਮਿਸ਼ਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਬੱਚਿਆਂ ਦੀ ਪੜ੍ਹਾਈ ਤੇ ਮਾੜਾ ਅਸਰ ਨਾ ਪਵੇ।
ਅਗਰ ਸਰਕਾਰ ਅਜਿਹਾ ਕਰਨ ਵਿੱਚ ਨਲਾਇਕੀ ਵਰਤੇਗੀ ਤਾਂ ਪੰਜਾਬ ਮਹਿਲਾ ਕਾਂਗਰਸ ਵਿਦਿਆਰਥੀਆਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ ਨਹੀਂ ਕਰੇਗੀ।
ਇਸੇ ਦੌਰਾਨ ਮਹਿਲਾ ਕਾਂਗਰਸ ਆਗੂ ਰੇਖਾ ਅਗਰਵਾਲ ਅਮਰਜੀਤ ਕੌਰ ਭੱਠਲ ਭੁਪਿੰਦਰ ਕੌਰ , ਪ੍ਰਿੰਸੀਪਲ ਅਮਰਜੀਤ ਕੌਰ,ਯਾਮਨੀ ਵਰਮਾ, ਡੋਲੀ ਗਿੱਲ, ਨਰਿੰਦਰ ਕੰਗ ਹੁਰਾਂ ਵਲੋਂ ਵੀ ਵਿਦਿਆਰਥੀਆਂ ਦੀਆਂ ਮੰਗਾਂ ਦੀ ਹਿਮਾਇਤ ਕੀਤੀ ਗਈ।