ਮਾਲੇਰਕੋਟਲਾ : ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ਼ਹਿਰ ਮਲੇਰਕੋਟਲਾ ਦੇ ਪੁਰਾਣੇ ਅਤੇ ਮਸ਼ਹੂਰ ਵਿਦਿਅਕ ਅਦਾਰੇ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਆਯੋਜਿਤ ਕੀਤੇ ਜਾ ਰਹੇ 100 ਸਾਲਾ ਸਮਾਗਮ ਨੂੰ ਭਲੀ ਭਾਂਤ ਨੇਪਰੇ ਚਾੜਨ ਦੇ ਲਈ ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਹੈ। ਜਿਸ ਵਿੱਚ ਪੰਜਾਬ ਵਕਫ ਬੋਰਡ ਮਾਲੇਰਕੋਟਲਾ ਦੇ ਅਸਟੇਟ ਅਫਸਰ ਤੋਂ ਇਲਾਵਾ ਪ੍ਰਿੰਸੀਪਲ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਮੁਹੰਮਦ ਜਮੀਲ ਅਨਸਾਰੀ, ਜ਼ਹੂਰ ਅਹਿਮਦ ਜ਼ਹੂਰ, ਮਾਸਟਰ ਮੁਹੰਮਦ ਤਾਜ, ਅਨਵਾਰ ਅੰਜੁਮ, ਜ਼ਹੂਰ ਅਹਿਮਦ ਚੌਹਾਨ, ਜਮੀਲ ਚੌਹਾਨ, ਅਨਵਾਰ ਆਜ਼ਰ, ਮੈਡਮ ਨਾਦੀਆ ਅਤੇ ਸਈਅਦ ਖਤੀਬ ਹੈਦਰ ਦੇ ਨਾਂ ਸ਼ਾਮਿਲ ਹਨ। ਵਰਨਣਯੋਗ ਹੈ ਕਿ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ 24 ਅਕਤੂਬਰ 1924 ਨੂੰ ਮਾਲੇਰਕੋਟਲਾ ਦੇ ਬੁੱਧੀਜੀਵੀਆਂ ਦੇ ਯਤਨਾਂ ਸਦਕਾ ਹੋਂਦ 'ਚ ਆਇਆ ਸੀ। ਸਕੂਲ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਹੋਣਹਾਰ ਵਿਦਿਆਰਥੀਆਂ ਨੇ ਵਿਦਿਆ ਪ੍ਰਾਪਤ ਕਰਕੇ ਜਿੰਦਗੀ ਦੇ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ ਖੇਤਰਾਂ 'ਚ ਸਫਲਤਾ ਪ੍ਰਾਪਤ ਕੀਤੀ ਅਤੇ ਸਕੂਲ ਦਾ ਨਾਮ ਚਮਕਾਇਆ ਹੈ। ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਵਿੱਚ 100 ਸਾਲਾ ਸਮਾਗਮ ਦੇ ਮੌਕੇ ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਕੂਲ ਵੱਲੋਂ ਤੈਅ ਕੀਤੇ ਗਏ ਇੱਕ ਲੰਬੇ ਸਫਰ ਬਾਰੇ ਸੋਵੀਨਰ ਵੀ ਜਾਰੀ ਕੀਤਾ ਜਾਵੇਗਾ।