ਉੱਚੇਰੀ ਜ਼ਿੰਮੇਦਾਰੀ ਦਾ ਲਾਭ ਦੇਣ ਸਮੇਤ ਹੈੱਡ ਮਾਸਟਰ ਕਾਡਰ ਨੂੰ ਦਰਪੇਸ਼ ਕਈ ਮਸਲੇ ਵਿਚਾਰੇ
ਐਸ.ਏ.ਐਸ. ਨਗਰ : ਅੱਜ ਇਥੇ ਡੀ.ਪੀ.ਆਈ. (ਸੈਕੰਡਰੀ) ਵਿਖੇ ਹੈੱਡ ਮਾਸਟਰ ਐਸੋਸੀਏਸ਼ਨ ਪੰਜਾਬ ਦਾ ਵਿਸ਼ਾਲ ਵਫ਼ਦ ਡੀ.ਪੀ.ਆਈ. ਸ੍ਰੀ ਪਰਮਜੀਤ ਸਿੰਘ ਨੂੰ ਮਿਲਿਆ ਅਤੇ ਪਿਛਲੇ ਦਿਨੀਂ ਹੈੱਡ ਮਿਸਟ੍ਰੈਸ ਸ੍ਰੀਮਤੀ ਖ਼ੁਸ਼ਮਿੰਦਰ ਕੌਰ ਨੂੰ ਬਿਨਾਂ ਜਾਂਚ ਕੀਤਿਆਂ ਮੁਅੱਤਲ ਕੀਤੇ ਜਾਣ ਦਾ ਸਖ਼ਤ ਵਿਰੋਧ ਦਰਜ ਕਰਵਾਇਆ। ਐਸੋਸੀਏਸ਼ਨ ਦੇ ਵਫ਼ਦ ਨੇ ਇਸ ਸਮੁੱਚੇ ਮਾਮਲੇ ਦੀ ਜਾਂਚ ਲੁਧਿਆਣਾ ਜ਼ਿਲ੍ਹੇ ਤੋਂ ਬਾਹਰਲੇ ਕਿਸੇ ਅਧਿਕਾਰੀ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਹੈੱਡ ਮਾਸਟਰਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਨਿਸ਼ਾਨਾ ਬਣਾਉਂਦਾ ਆ ਰਿਹਾ ਹੈ। ਪਿਛਲੇ ਮਹੀਨੇ ਬਿਨਾਂ ਅਪਲਾਈ ਕੀਤੇ ਸਿਰਫ਼ ਸਹਾਇਕ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਨੂੰ ਅਧਾਰ ਬਣਾ ਕੇ 8 ਹੈੱਡ ਮਾਸਟਰਾਂ ਦੀਆਂ ਦੂਰ-ਦੁਰਾਡੇ ਬਦਲੀਆਂ ਕਰ ਦਿੱਤੀਆਂ ਗਈਆਂ। ਐਸੋਸੀਏਸ਼ਨ ਦੇ ਪ੍ਰਧਨ ਸ੍ਰੀ ਕੁਲਵਿੰਦਰ ਸਿੰਘ ਕਟਾਰੀਆ ਨੇ ਆਖਿਆ ਕਿ ਵਿਭਾਗ ਦੇ ਜਲਦਬਾਜ਼ੀ ਵਿਚ ਲਏ ਫ਼ੈਸਲਿਆਂ ਕਾਰਨ ਸਮੁੱਚ ਹੈੱਡ ਮਾਸਟਰ ਕਾਡਰ ਦੇ ਮਨੋਬਲ ਨੂੰ ਸੱਟ ਲੱਗੀ ਹੈ। ਅਜਿਹੀਆਂ ਘਟਨਾਵਾਂ ਤੋਂ ਡਰ ਕੇ ਕਾਡਰ ਸਕੂਲ ਪੱਖੀ ਫ਼ੈਸਲੇ ਲੈਣ ਤੋਂ ਵੀ ਡਰੇਗਾ ਅਤੇ ਸਕੂਲਾਂ ਦੇ ਵਿਕਾਸ ਦੀ ਰਫ਼ਤਾਰ ਧੀਮੀ ਹੋਵੇਗੀ। ਜ਼ਿਕਰਯੋਗ ਹੈ ਕਿ ਖ਼ੁਸ਼ਮਿੰਦਰ ਕੌਰ, ਹੈੱਡ ਮਿਸਟ੍ਰੈਸ ਸਰਕਾਰੀ ਹਾਈ ਸਕੂਲ, ਮੰਡੀ ਮੁਲਾਂਪੁਰਾ ਜ਼ਿਲ੍ਹਾ ਲੁਧਿਆਣਾ ਨੂੰ 26 ਸਤੰਬਰ, 2024 ਨੂੰ ਬੱਚਿਆਂ ਦੇ ਟਰਮ ਪੇਪਰ ਨਾ ਲੈਣ ਦੇ ਦੋਸ਼ ਵਿੱਚ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਸੀ ਜਦਕਿ ਸਕੂਲ ਮੁਖੀ ਨੇ ਸਕੂਲ ਦੇ ਪ੍ਰੀਖਿਆ ਇੰਚਾਰਜ ਅਤੇ ਹੋਰ ਸਬੰਧਤ ਅਧਿਆਪਕਾਂ ਨੂੰ ਟਰਮ ਪੇਪਰ ਲੈਣ ਦੇ ਲਿਖਤੀ ਆਦੇਸ਼ ਦਿਤੇ ਸਨ, ਇਸ ਦੇ ਬਾਵਜੂਦ ਇਕ ਤਰਫ਼ਾ ਕਾਰਵਾਈ ਕਰਦਿਆਂ ਸਿਰਫ਼ ਸਕੂਲ ਮੁਖੀ ਨੂੰ ਦੋਸ਼ੀ ਠਹਿਰਾਇਆ ਗਿਆ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਡੀ.ਪੀ.ਆਈ. ਨੂੰ ਦੱਸਿਆ ਕਿ ਹਰ ਸਕੂਲ ਵਿਚ ਇਕ-ਦੋ ਅਧਿਆਪਕ ਅਜਿਹੇ ਜ਼ਰੂਰ ਹੁੰਦੇ ਹਨ ਜਿਹੜੇ ਸਕੂਲ ਦੇ ਕੰਮਾਂ ਨਾਲ ਸਹਿਮਤ ਨਹੀਂ ਹੁੰਦੇ, ਅਜਿਹੇ ਅਧਿਆਪਕਾਂ ਦੀਆਂ ਸ਼ਿਕਾਇਤਾਂ ਤੇ ਹੀ ਵਿਭਾਗ ਸਕੂਲ ਮੁਖੀਆਂ ਵਿਰੁਧ ਕਾਰਵਾਈ ਕਰਕੇ ਉਨ੍ਹਾਂ ਦੇ ਮਨੋਬਲ ਨੂੰ ਢਾਅ ਲਾ ਰਿਹਾ ਹੈ। ਡੀ.ਪੀ.ਆਈ. ਨੇ ਵਫ਼ਦ ਨੂੰ ਭਰੋਸਾ ਦਿਤਾ ਕਿ ਉਹ ਇਸ ਮਸਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਸਾਰੇ ਕਰਮਚਾਰੀਆਂ ਵਿਰੁਧ ਕਾਰਵਾਈ ਕਰਨਗੇ। ਜੇ ਹੈੱਡ ਮਿਸਟ੍ਰੈਸ ਖ਼ੁਸ਼ਮਿੰਦਰ ਕੌਰ ਬੇਗੁਨਾਹ ਪਾਈ ਗਈ ਤਾਂ ਉਨ੍ਹਾਂ ਦੀ ਮੁਅੱਤਲੀ ਦੇ ਆਦੇਸ਼ ਵਾਪਸ ਲੈ ਕੇ ਬਹਾਲੀ ਕਰ ਦਿਤੀ ਜਾਵੇਗੀ। ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਮੁਹੰਮਦ ਅਸਲਮ ਨੇ ਦੱਸਿਆ ਕਿ ਖ਼ੁਸ਼ਮਿੰਦਰ ਕੌਰ ਦੀ ਮੁਅੱਤਲੀ ਦੇ ਨਾਲ-ਨਾਲ ਐਸੋਸੀਏਸ਼ਨ ਨੇ ਹੈੱਡ ਮਾਸਟਰਾਂ ਨੂੰ ਉੱਚੇਰੀ ਜ਼ਿੰਮੇਦਾਰੀ ਦਾ ਲਾਭ ਦੇਣ, ਨਾਬਾਰਡ ਦੀਆਂ ਪਿਛਲੇ ਸਾਲ ਦੀਆਂ ਰੀਐਲੋਕੇਟ ਹੋਈਆਂ ਅਤੇ ਨਵੀਆਂ ਜਾਰੀ ਹੋਈਆਂ ਸਿਵਿਲ ਵਰਕਸ ਗ੍ਰਾਂਟਾਂ ਨੂੰ
25 ਫ਼ੀ ਸਦੀ ਵਾਧੇ ਨਾਲ ਜਾਰੀ ਕਰਨ, ਗਰੁਪ-ਏ ਦੇ ਸਰਵਿਸ ਰੂਲਜ਼ ਵਿਚ ਸੋਧ ਕਰਨ ਅਤੇ ਹੈੱਡ ਮਾਸਟਰ ਤੋਂ ਪ੍ਰਿੰਸੀਪਲ ਪ੍ਰਮੋਸ਼ਨ ਕੋਟੇ ਵਿਚ ਵਾਧਾ ਕਰਨ, ਹੈੱਡ ਮਾਸਟਰ ਕਾਡਰ ਦਾ ਪੇ-ਸਕੇਲ ਪ੍ਰਿੰਸੀਪਲ ਕਾਡਰ ਤੋਂ ਇਕ ਸਟੈੱਪ ਹੇਠਾਂ ਫ਼ਿਕਸ ਕਰਨ ਤੇ ਹੈੱਡ ਮਾਸਟਰ ਕਾਡਰ ਨੂੰ ਗਰੁਪ-ਏ ਵਿਚ ਸ਼ਾਮਲ ਕਰਨ ਅਤੇ ਸਾਰੇ ਹਾਈ ਸਕੂਲਾਂ ਵਿਚ ਕਲੱਰਕਾਂ ਦੀਆਂ ਆਸਾਮੀਆਂ ਦੇਣ ਦੀ ਮੰਗ ਵੀ ਕੀਤੀ। ਡੀ.ਪੀ.ਆਈ. ਨੇ ਵਫ਼ਦ ਨੂੰ ਭਰੋਸਾ ਦਿਤਾ ਕਿ ਉਹ ਜਲਦ ਇਨ੍ਹਾਂ ਮੰਗਾਂ ਉਤੇ ਧਿਆਨ ਕੇਂਦਰਤ ਕਰਨਗੇ।