ਪਟਿਆਲਾ : ਪੰਚਾਇਤੀ ਚੋਣ ਸੰਵਿਧਾਨ ਤੇ ਲੋਕਤੰਤਰ ਦੀ ਜੜ ਹੁੰਦੀ ਹੈ ਤੇ ਅੱਜ ਦੇ ਦੌਰ ਵਿੱਚ ਪੰਚਾਇਤਾਂ ਦੀ ਬੋਲੀ ਲਗਾ ਕੇ ਸਰਪੰਚ ਬਣਨ ਨਾਲ ਸਰਪੰਚਾਂ ਦੇ ਅਹੁਦੇ ਤੇ ਅਮੀਰ ਲੋਕਾਂ ਦਾ ਕਬਜ਼ਾ ਹੋ ਜਾਵੇਗਾ ਤੇ ਇਸ ਨਾਲ ਅਮੀਰਜਾਦਿਆਂ ਦੀਆਂ ਮਨਮਾਨੀਆਂ ਦਾ ਜਿੱਥੇ ਬੋਲਬਾਲੇ ਵਿੱਚ ਵਾਧਾ ਫਤਿਹਗਾਹ ਉੱਥੇ ਹੀ ਲੋਕਤੰਤਰ ਲਈ ਵੀ ਘਾਤਕ ਸਿੱਧ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪ੍ਰੋ. ਬਡੁੰਗਰ ਨੇ ਕਿਹਾ ਕਿ ਬੋਲੀ ਲਗਾਉਣ ਨਾਲ ਸਰਪੰਚ ਬਣਨ ਦੀ ਪ੍ਰਕਿਰਿਆ ਰਾਹੀਂ ਗਰੀਬ ਕਿਸਾਨ ਪਿੰਡਾਂ ਦੇ ਬਾਕੀ ਤਬਕਿਆਂ ਅਤੇ ਛੋਟੇ ਕਿਰਤੀਆਂ ਆਦਿ ਨੂੰ ਲੋਕਤੰਤਰਿਕ ਪ੍ਰਣਾਲੀ ਰਾਹੀਂ ਚੋਣ ਲੜਨ ਤੋਂ ਵੀ ਦੂਰ ਕੀਤਾ ਜਾ ਰਿਹਾ ਹੈ ਜਿਨਾਂ ਲਈ ਅਸਲ ਪੰਚਾਇਤਾਂ ਹਨ।
ਉਹਨਾਂ ਕਿਹਾ ਕਿ ਜੇਕਰ ਲੋਕਤੰਤਰਿਕ ਢੰਗ ਨਾਲ ਵੋਟਾਂ ਰਾਹੀਂ ਜਾਂ ਸਰਵਸਮਤੀ ਨਾਲ ਬਿਨਾਂ ਕਿਸੇ ਲਾਲਚ ਡਰ ਭੈ ਤੋਂ ਪੰਚਾਇਤ ਚੁਣੀ ਜਾਵੇ ਤਾਂ ਪੰਚਾਇਤ ਵਿੱਚ ਏਕਤਾ ਮਜਬੂਤ ਹੋਵੇਗੀ ਕਿਉਂਕਿ ਏਕਤਾ ਵਿੱਚ ਹੀ ਆਪਸੀ ਭਾਈਚਾਰਾ ਮਜਬੂਤ ਬਣਾਈ ਰੱਖਿਆ ਜਾ ਸਕਦਾ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਪਿੰਡਾਂ ਵਿੱਚ ਏਕਤਾ ਅਤੇ ਭਾਈਚਾਰੇ ਦਾ ਮਾਹੌਲ ਸਿਰਜਣ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ।
ਉਹਨਾਂ ਕਿਹਾ ਕਿ ਜੇਕਰ ਪਿੰਡਾਂ ਵਿੱਚ ਏਕਤਾ ਭਾਈਚਾਰੇ ਦਾ ਮਾਹੌਲ ਜੋ ਸਿਰਜਿਆ ਜਾਵੇਗਾ ਤਾਂ ਉਸ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਵਿੱਚ ਵੀ ਪਵੇਗੀ ਤੇ ਨਾਲ ਹੀ ਤੇ ਪੰਜਾਬੀ ਏਕਤਾ ਮਜਬੂਤ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਮਨਮੋਹਣ ਸਿੰਘ ਮੁਕਾਰੋਂਪੁਰ, ਗੁਰਦੀਪ ਸਿੰਘ ਕੰਗ, ਯੂਥ ਆਗੂ ਗੁਰਦੀਪ ਸਿੰਘ ਨੌਲੱਖਾ ਅਤੇ ਹੋਰ ਆਗੂ ਵੀ ਹਾਜ਼ਰ ਸਨ।