ਪਟਿਆਲਾ : ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਕਿਹਾ ਕਿ ਸੁਪਰ ਐਸ.ਐਮ.ਐਸ. ਤੋਂ ਬਗ਼ੈਰ ਵਾਢੀ ਕਰਨ ਵਾਲੀਆਂ ਕੰਬਾਇਨਾਂ ਦੇ ਚਲਾਨ ਕੱਟੇ ਜਾਣਗੇ। ਉਹ ਅੱਜ ਐਸ.ਡੀ.ਐਮ, ਮੁੱਖ ਖੇਤੀਬਾੜੀ ਅਫ਼ਸਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਕਰ ਰਹੇ ਸਨ। ਏਡੀਸੀ ਨੇ ਕਿਹਾ ਕਿ ਸੁਪਰ ਐਸ.ਐਮ.ਐਸ ਤੋਂ ਬਗੈਰ ਵਾਢੀ ਕਰਨ ਨਾਲ ਪਰਾਲੀ ਪ੍ਰਬੰਧਨ ਕਰਨਾ ਮੁਸ਼ਕਲ ਹੋ ਜਾਂਦਾ ਹੈ ਜਿਸ ਕਾਰਨ ਕਿਸਾਨ ਖੇਤਾਂ ਵਿੱਚ ਹੀ ਪਰਾਲੀ ਨੂੰ ਅੱਗ ਲਗਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਅ/ਧ 31-ਏ (ਪ੍ਰੀਵੈਂਨਸ਼ਨ ਅਤੇ ਕੰਟਰੋਲ ਆਫ਼ ਪੋਲੀਉਸ਼ਨ) ਐਕਟ, 1981 ਦੇ ਤਹਿਤ ਜਾਰੀ ਹੁਕਮ ਨੰ: 128 ਮਿਤੀ 7/2/2018 ਵਿੱਚ ਕਿਹਾ ਗਿਆ ਹੈ ਕਿ ਸੁਪਰ ਐਸ.ਐਮ.ਐਸ. ਤੋਂ ਬਗੈਰ ਕੰਬਾਇਨਾਂ ਵਾਢੀ ਨਹੀਂ ਕਰ ਸਕਦੀਆਂ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਬਿਨਾਂ ਸੁਪਰ ਐਸ.ਐਮ.ਐਸ. ਦੇ ਚੱਲਣ ਵਾਲੀ ਕੰਬਾਇਨ ਨੂੰ 50 ਹਜ਼ਾਰ ਰੁਪਏ ਦਾ ਚਲਾਨ ਤੇ ਦੂਸਰੀ ਵਾਰ ਫੜੇ ਜਾਣ 'ਤੇ 75 ਹਜ਼ਾਰ ਦਾ ਚਲਾਨ ਤੇ ਤੀਸਰੀ ਵਾਰ ਫੜੇ ਜਾਣ 'ਤੇ 1 ਲੱਖ ਰੁਪਏ ਦਾ ਚਲਾਨ ਕੀਤਾ ਜਾਵੇਗਾ।
ਉਨ੍ਹਾਂ ਐਸ.ਡੀ.ਐਮਜ਼, ਖੇਤੀਬਾੜੀ ਵਿਭਾਗ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਖੇਤਾਂ ਵਿੱਚ ਚੱਲ ਰਹੀਆਂ ਕੰਬਾਇਨਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜਿਹੜੀ ਕੰਬਾਇਨਾਂ ਬਿਨਾਂ ਸੁਪਰ ਐਸ.ਐਮ.ਐਸ. ਦੇ ਵਾਢੀ ਕਰ ਰਹੀਆਂ ਹਨ, ਉਨ੍ਹਾਂ ਦੇ ਚਲਾਨ ਕੱਟੇ ਜਾਣ। ਉਨ੍ਹਾਂ ਕਿਹਾ ਕਿ ਐਸ.ਡੀ.ਐਮ., ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਚਲਾਨ ਕੱਟਣ ਲਈ ਅਧਿਕਾਰਤ ਹਨ। ਇਸ਼ਾ ਸਿੰਗਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਦੀ ਸਿਹਤ, ਵਾਤਾਵਰਣ ਅਤੇ ਧਰਤੀ ਦੀ ਸੰਭਾਲ ਲਈ ਨਾੜ ਨੂੰ ਅੱਗ ਨਾ ਲਗਾਉਣ ਸਗੋਂ ਫ਼ਸਲੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ 'ਉੱਨਤ ਕਿਸਾਨ' ਐਪ ਰਾਹੀਂ ਨੇੜੇ ਉਪਲਬੱਧ ਮਸ਼ੀਨੀਰੀ ਦੀ ਬੁਕਿੰਗ ਕਰਵਾਉਣ। ਮੀਟਿੰਗ 'ਚ ਐਸ.ਡੀ.ਐਮ ਪਟਿਆਲਾ ਮਨਜੀਤ ਕੌਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਰਵਿੰਦਰਪਾਲ ਸਿੰਘ ਚੱਠਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸ.ਡੀ.ਓ ਰੋਹਿਤ ਸਿੰਗਲਾ ਵੀ ਮੌਜੂਦ ਸਨ।