ਲੋਕਾਂ ਨੂੰ ਜਾਗਰੂਕ ਕਰਨ ਹਿਤ ਪੈਂਫਲਿਟ ਵੰਡੇ
ਡੇਂਗੂ 'ਤੇ ਵਾਰ ਦੇ ਤੌਰ 'ਤੇ ਡ੍ਰਾਈ ਡੇਅ ਮਨਾਇਆ
ਅਮਲੋਹ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਂਗੂ ਮੱਛਰ ਦੇ ਲਾਰਵੇ ਨੂੰ ਨਸ਼ਟ ਕਰਨ ਪ੍ਰਤੀ ਲਾਪ੍ਰਵਾਹੀ ਵਰਤਣ ਵਾਲਿਆਂ ਨਾਲ ਸਖ਼ਤੀ ਅਪਣਾਈ ਜਾ ਰਹੀ ਹੈ ਤਾਂ ਜੋ ਖੜ੍ਹੇ ਪਾਣੀ 'ਚ ਪੈਦਾ ਹੋਣ ਵਾਲੇ ਏਡੀਜ਼ ਨਾਮਕ ਮੱਛਰ ਦੇ ਲਾਰਵੇ ਨੂੰ ਖ਼ਤਮ ਕਰਨ ਪ੍ਰਤੀ ਲੋਕ ਚੇਤੰਨ ਰਹਿਣ। ਇਸ ਤਹਿਤ ਨਗਰ ਕੌਂਸਲ, ਅਮਲੋਹ ਅਧੀਨ ਆਉਂਦੇ ਖੇਤਰਾਂ ਵਿੱਚ ਜਿੱਥੇ ਫੌਗਿੰਗ ਲਗਾਤਾਰ ਜਾਰੀ ਹੈ ਉੱਥੇ ਨਗਰ ਕੌਂਸਲ ਦੀ ਟੀਮ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਾਂਝੇ ਤੌਰ 'ਤੇ ਪਿਛਲੇ ਕਰੀਬ 02 ਮਹੀਨਿਆਂ ਦੌਰਾਨ ਲਗਪਗ 44 ਘਰਾਂ ਦੇ, ਮੱਛਰ ਦਾ ਲਾਰਵਾ ਮਿਲਣ 'ਤੇ, ਚਲਾਣ ਕੀਤੇ ਜਾ ਚੁੱਕੇ ਹਨ।
ਇਹ ਜਾਣਕਾਰੀ ਸਾਂਝੀ ਕਰਦਿਆਂ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਨਾਮਕ ਮੱਛਰ ਦੇ ਲੜਨ ਨਾਲ ਹੁੰਦਾ ਹੈ। ਇਸ ਮੱਛਰ ਤੋਂ ਬਚਣ ਲਈ ਘਰਾਂ ਵਿੱਚ ਰੱਖੇ ਕੂਲਰਾਂ, ਗਮਲੇ, ਫਰਿੱਜਾਂ ਦੀਆਂ ਟ੍ਰੇਆਂ ਅਤੇ ਹੋਰ ਭਾਂਡਿਆਂ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ। ਉਹਨਾਂ ਦੱਸਿਆ ਕਿ ਹਰ ਸ਼ੁਰਕਵਾਰ ਨੂੰ ਡੇਂਗੂ 'ਤੇ ਵਾਰ ਦੇ ਤੌਰ 'ਤੇ ਡ੍ਰਾਈ ਡੇਅ ਮਨਾਇਆ ਜਾਂਦਾ ਹੈ। ਉਹਨਾਂ ਨੇ ਅਪੀਲ ਕੀਤੀ ਕਿ ਜੇਕਰ ਬੁਖ਼ਾਰ ਹੁੰਦਾ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਆਪਣੇ ਖ਼ੂਨ ਦਾ ਟੈਸਟ ਕਰਵਾਇਆ ਜਾਵੇ। ਕਾਰਜ ਸਾਧਕ ਅਫਸਰ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਵਾਰਡ ਵਾਈਜ਼ ਲਗਾਤਾਰ ਫੌਗਿੰਗ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਜੇਕਰ ਕਿਸੇ ਖੇਤਰ ਵਿੱਚ ਹਾਲੇ ਫੌਗਿੰਗ ਨਹੀਂ ਹੋਈ ਹੈ ਤਾਂ ਤਾਂ ਉਸ ਖੇਤਰ ਬਾਰੇ ਨਗਰ ਕੌਂਸਲ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਉਸ ਖੇਤਰ ਵਿੱਚ ਫੌਗਿੰਗ ਕਰਵਾਈ ਜਾਵੇ। ਉਹਨਾਂ ਦੱਸਿਆ ਕਿ ਲੋਕਾਂ ਨੂੰ ਪੈਂਫਲਿਟ ਵੰਡ ਕੇ ਵੀ ਡੇਂਗੂ ਤੋਂ ਬਚਾਅ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।