ਸੂਬੇ ਨੂੰ ਡੇਂਗੂ-ਮੁਕਤ ਬਣਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ-ਕੁਮਾਰ ਰਾਹੁਲ
ਸਿਹਤ ਟੀਮ ਨੇ ਡੇਂਗੂ ਦਾ ਲਾਰਵਾ ਮਿਲਣ ਤੇ ਵਿਅਕਤੀਆਂ ਦੇ ਕੀਤੇ ਚਲਾਨ
ਐਸ.ਏ.ਐਸ.ਨਗਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਉਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ‘ਹਰ ਸ਼ੁਕਰਵਾਰ, ਡੇਂਗੂ ’ਤੇ ਵਾਰ’ ਨੂੰ ਜਾਰੀ ਰੱਖਦਿਆਂ, ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ, ਕੁਮਾਰ ਰਾਹੁਲ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ’ਚ ਅੱਜ ਸਿਹਤ ਟੀਮਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼-7 ਵਿਖੇ ਘਰ-ਘਰ ਜਾ ਕੇ ਚੈਕਿੰਗ ਕੀਤੀ। ਇਸ ਟੀਮ ਵਿੱਚ ਸ਼ਾਮਿਲ ਜ਼ਿਲ੍ਹੇ ਦੇ ਸਿਹਤ ਅਧਿਕਾਰੀ, ਮੈਡੀਕਲ ਕਾਲਜ ਦੇ ਵਿਦਿਆਰਥੀ ਅਤੇ ਹੋਰ ਸਟਾਫ਼ ਨੇ ਮੋਹਾਲੀ ਦੇ ਫ਼ੇਜ਼-7 ਵਿਖੇ ਵਿਖੇ ਘਰ-ਘਰ ਜਾ ਕੇ ਮੱਛਰ ਦੇ ਲਾਰਵੇ ਦੀ ਪੈਦਾਇਸ਼ ਵਾਲੀਆਂ ਸੰਭਾਵੀ ਥਾਵਾਂ ਨੂੰ ਜਾਂਚਿਆ, ਇਸ ਦੌਰਾਨ ਕੂਲਰ ਵਿੱਚ ਮੱਛਰਾਂ ਲਾਰਵਾ ਪਾਇਆ ਗਿਆ। ਲਾਰਵਾ ਮਿਲਣ ਵਾਲੇ ਘਰਾਂ ਦਾ ਮੌਕੇ ’ਤੇ ਚਲਾਨ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਡੇਂਗੂ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਵੀ ਦਿਤੀ।
ਪ੍ਰਮੁੱਖ ਸਕੱਤਰ ਸਿਹਤ, ਕੁਮਾਰ ਰਾਹੁਲ ਨੇ ਫ਼ੇਜ਼-7 ਦੇ ਸਰਕਾਰੀ ਐਲਮੈਂਟਰੀ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਡੇਂਗੂ ਬੁਖ਼ਾਰ ਦੀ ਰੋਕਥਾਮ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਪੰਜਾਬ ਭਰ ਵਿਚ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਹਰ ਸ਼ੁੱਕਰਵਾਰ ਨੂੰ ਸਾਰੇ ਸੀਨੀਅਰ ਸਿਹਤ ਅਧਿਕਾਰੀ ਸਵੇਰੇ ਵੱਖ-ਵੱਖ ਥਾਈਂ ਜਾਂਚ, ਲਾਰਵਾ ਨਸ਼ਟ ਕਰਨ ਲਈ ਸਪਰੇਅ ਅਤੇ ਜਾਗਰੂਕਤਾ ਮੁਹਿੰਮ ਦਾ ਨਿਰੀਖਣ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਧਿਕਾਰੀ ਡੇਂਗੂ ਫੈਲਾਉਣ ਵਾਲੇ ਮੱਛਰ ਦੇ ਖਾਤਮੇ ਲਈ ਪੁਰਜ਼ੋਰ ਮਿਹਨਤ ਕਰ ਰਹੇ ਹਨ। ਇਸ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਵੀ ਅਤਿ ਲੋੜੀਂਦਾ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵੀ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਲਈ ਘਰਾਂ ਵਿੱਚ ਸਾਫ-ਸਫਾਈ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਬੱਚਿਆਂ ਕੋਲੋਂ ਵਾਅਦਾ ਲਿਆ ਕਿ ਉਹ ਹਰ ਸ਼ੁੱਕਰਵਾਰ ਆਪੋ-ਆਪਣੇ ਘਰਾਂ ਵਿਚ ਜਾਂਚ ਕਰਨਗੇ ਅਤੇ ਯਕੀਨੀ ਬਣਾਉਣਗੇ ਕਿ ਕਿਸੇ ਵੀ ਥਾਂ ’ਤੇ ਪਾਣੀ ਖੜਾ ਨਾ ਹੋਵੇ।
ਉਨ੍ਹਾਂ ਇਸ ਮੌਕੇ ਦੱਸਿਆ ਕਿ ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ ਵਿਚ, ਪਾਣੀ ਦੀਆਂ ਟੈਕੀਆਂ ਵਿਚ, ਫੁੱਲਾਂ ਦੇ ਗਮਲਿਆਂ ਵਿਚ, ਫ਼ਰਿੱਜਾਂ ਪਿੱਛੇ ਲੱਗੀ ਟਰੇਅ ਵਿਚ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਖ਼ਾਲੀ ਪਏ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਆਦਿ ਵਿਚ ਕਿਸੇ ਵੀ ਥਾਂ ’ਤੇ ਪਾਣੀ ਖੜਾ ਨਾ ਹੋਵੇ। ਸਰਕਾਰੀ ਸਿਹਤ ਸੰਸਥਾਵਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਹੁੰਦਾ ਹੈ। ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬਾਅਦ ਵਿੱਚ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਵੱਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ’ਚ ਲੋਕਾਂ ਨੂੰ ਘਰਾਂ ’ਚ ਅਤੇ ਬਾਜ਼ਾਰਾਂ ’ਚ ਡੇਂਗੂ ਪ੍ਰਤੀ ਸਾਵਧਾਨ ਅਤੇ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਨੇ ਜ਼ਿਲ੍ਹੇ ’ਚ ਸਿਹਤ ਵਿਭਾਗ ਕੋਲ ਡੇਂਗੂ ਰੋਕਥਾਮ ਲਈ ਉਪਲਬਧ ਸਾਜ਼ੋ-ਸਮਾਨ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਡੇਂਗੂ ਜਾਗਰੂਕਤਾ ’ਚ ਡਾ. ਬੀ ਆਰ ਅੰਬੇਦਕਰ ਕਾਲਜ ਆਫ਼ ਮੈਡੀਕਲ ਸਾਇੰਸ, ਮੋਹਾਲੀ ਦੇ ਇੰਨਟਰਜ਼ ਅਤੇ ਜ਼ਿਲ੍ਹੇ ਦੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਨਾਲ ਜੋੜ ਲਿਆ ਜਾਵੇ।
ਮੀਟਿੰਗ ਵਿੱਚ ਏ.ਡੀ.ਸੀ. (ਜ) ਵਿਰਾਜ ਐਸ ਤਿੜਕੇ, ਕਮਿਸ਼ਨਰ, ਨਗਰ ਨਿਗਮ ਮੋਹਾਲੀ ਟੀ ਬੈਨਿਥ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ, ਐਸ ਡੀ ਐਮ ਮੋਹਾਲੀ ਦਮਨਦੀਪ ਕੌਰ, ਸਿਵਲ ਸਰਜਨ ਡਾ. ਰੇਨੂੰ ਸਿੰਘ, ਡਿਪਟੀ ਡਾਇਰੈਕਟਰ ਡਾ. ਦਲਜੀਤ ਸਿੰਘ, ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਰਸ਼ਦੀਪ ਕੌਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਤੋਂ ਇਲਾਵਾ ਹੋਰ ਸਿਹਤ ਅਧਿਕਾਰੀ ਮੌਜੂਦ ਸਨ।