ਮਰੀਜ਼ਾਂ ਦੀ ਖੱਜਲ ਖ਼ੁਆਰੀ ਵੱਲ ਧਿਆਨ ਮੰਗਿਆ
ਮੁੱਖ ਮੰਤਰੀ ਅਤੇ ਮੰਤਰੀ ਦੇ ਇਲਾਕੇ ਵਿੱਚ ਅਜਿਹੇ ਹਾਲਾਤ ਮੰਦਭਾਗੇ : ਸੁਖਪਾਲ ਮਾਣਕ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੁਨਾਮ ਦੇ ਸਰਕਾਰੀ ਹਸਪਤਾਲ ਦੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਜਥੇਬੰਦੀ ਦੀ ਟੀਮ ਨੇ ਮੰਗਲਵਾਰ ਨੂੰ ਬਕਾਇਦਾ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਦੀ ਸਥਿਤੀ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਦਿਖਾਇਆ। ਇਸ ਦੌਰਾਨ ਕਈ ਡਾਕਟਰ ਆਪਣੇ ਕੈਬਿਨਾ ਵਿੱਚ ਮੌਜੂਦ ਨਹੀਂ ਸਨ ਅਤੇ ਯੂਨੀਅਨ ਮੈਂਬਰਾਂ ਨੇ ਸਾਰੀ ਸਥਿਤੀ ਸੋਸ਼ਲ ਮੀਡੀਆ 'ਤੇ ਲਾਈਵ ਦਿਖਾਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਪ੍ਰੈੱਸ ਸਕੱਤਰ ਸੁਖਪਾਲ ਸਿੰਘ ਮਾਣਕ, ਯਾਦਵਿੰਦਰ ਸਿੰਘ ਚੱਠੇ ਨਕਟੇ, ਗਗਨਦੀਪ ਸਿੰਘ ਚੱਠਾ, ਮਹਿੰਦਰ ਸਿੰਘ ਨਮੋਲ, ਜੀਤ ਸਿੰਘ, ਇੰਦਰਜੀਤ ਸਿੰਘ ਉਗਰਾਹਾਂ ਨੇ ਕਿਹਾ ਕਿ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਸਥਾਪਿਤ ਸਰਕਾਰੀ ਹਸਪਤਾਲ ਖੁਦ ਬਿਮਾਰ ਚੱਲ ਰਿਹਾ ਹੈ। ਹਸਪਤਾਲ ਵਿੱਚ ਮਰੀਜ਼ ਆਉਂਦੇ ਹਨ ਪਰ ਡਾਕਟਰ ਨਹੀਂ ਲੱਭਦੇ।
ਮਰੀਜ਼ਾਂ ਨੂੰ ਪ੍ਰੇਸ਼ਾਨੀ ਦੇ ਆਲਮ ਵਿੱਚ ਵਾਪਿਸ ਪਰਤਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੁਨਾਮ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਕਾ ਹੈ ਅਤੇ ਇੱਥੋਂ ਦੇ ਵਿਧਾਇਕ ਅਮਨ ਅਰੋੜਾ ਕੈਬਨਿਟ ਮੰਤਰੀ ਹਨ। ਇਸ ਦੇ ਬਾਵਜੂਦ ਸਰਕਾਰੀ ਹਸਪਤਾਲ ਦੀ ਤਰਸਯੋਗ ਹਾਲਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੁਦ ਜ਼ਿਲ੍ਹੇ ਵਿੱਚ ਆਏ ਹੋਏ ਸਨ ਦੱਸਿਆ ਜਾ ਰਿਹਾ ਹੈ ਕਿ ਉਥੇ ਡਾਕਟਰਾਂ ਦੀ ਡਿਊਟੀ ਲਗਾਈ ਗਈ ਹੈ ਪਰੰਤੂ ਮਰੀਜ਼ਾਂ ਦੀ ਬਦਕਿਸਮਤੀ ਹੈ ਕਿ ਇੱਥੇ ਇੱਕ ਵੀ ਡਾਕਟਰ ਨਹੀਂ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ ਦੇ ਮੁੱਖ ਗੇਟ 'ਤੇ ਪਾਰਕਿੰਗ ਫੀਸ ਦੇ ਨਾਂਅ 'ਤੇ ਖੁੱਲ੍ਹੇਆਮ ਫੀਸਾਂ ਵਸੂਲੀਆਂ ਜਾ ਰਹੀਆਂ ਹਨ ਅਤੇ ਮਰੀਜ਼ਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਅਜਿਹੇ ਅਨਸਰਾਂ 'ਤੇ ਸ਼ਿਕੰਜਾ ਕੱਸ ਕੇ ਹਸਪਤਾਲ ਦੀ ਹਾਲਤ ਸੁਧਾਰੇ ਨਹੀਂ ਤਾਂ ਯੂਨੀਅਨ ਪਿੱਛੇ ਨਹੀਂ ਹਟੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਸਿਵਲ ਹਸਪਤਾਲ ਦੀਆਂ ਐਂਬੂਲੈਂਸ ਗੱਡੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਜਿਸ ਕਾਰਨ ਮਰੀਜ਼ਾਂ ਦੀ ਰਸਤੇ ਵਿੱਚ ਹੀ ਮੌਤ ਹੋ ਜਾਣ ਦਾ ਖਦਸ਼ਾ ਪਾਇਆ ਜਾ ਰਿਹਾ ਹੈ।