ਭਵਾਨੀਗੜ੍ਹ : ਪੰਜਾਬ ਦੀਆਂ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 1 ਦਸੰਬਰ ਨੂੰ ਪੰਜਾਬ ਭਰ ’ਚ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਕੀਤੀ ਜਾ ਰਹੀ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਨੂੰ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ।ਉਵਰਏਜ਼ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਬੇਰੁਜ਼ਗਾਰ ਲੈਕਚਰਾਰ ਯੂਨੀਅਨ ਦੀ ਸੂਬਾਈ ਆਗੂ ਗਗਨਦੀਪ ਕੌਰ ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ 2011 ਤੋਂ ਇਹ ਪ੍ਰੀਖਿਆ ਲਈ ਜਾ ਰਹੀ ਹੈ। ਪਿਛਲੀਆਂ ਕੁੱਝ ਪ੍ਰੀਖਿਆਵਾਂ ਸ਼ੱਕ ਦੇ ਦਾਇਰੇ ’ਚ ਰਹੀਆਂ ਹਨ। ਪਿਛਲੀ ਵਾਰ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਲਈ ਇਸ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਵਿੱਚ ਹੀ ਉੱਤਰ ਹਾਈਲਾਈਟ ਕਰ ਦਿੱਤੇ ਗਏ ਸਨ, ਜਿਸ ਕਰਕੇ ਪ੍ਰੀਖਿਆ ਰੱਦ ਕਰਕੇ ਦੁਬਾਰਾ ਕਰਵਾਉਣੀ ਪਈ ਸੀ। ਇਸ ਕਰਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਿੱਜੀ ਦਿਲਚਸਪੀ ਲੈਂਦੇ ਹੋਏ ਇਸ ਪ੍ਰੀਖਿਆ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਨਿਰਦੇਸ਼ ਦੇਣ। ਪ੍ਰੀਖਿਆ-ਕੇਂਦਰਾਂ ਵਿੱਚ ਢੁਕਵੇਂ ਸੁਰੱਖਿਆ ਪ੍ਰਬੰਧ ਹੋਣ, ਪ੍ਰੀਖਿਆ-ਕੇਂਦਰਾਂ ਅੰਦਰ ਨਕਲ ਉੱਤੇ ਕਾਬੂ ਪਾਉਣ ਲਈ ਵੀਡਿਓਗ੍ਰਾਫ਼ੀ ਹੋਵੇ, ਉਮੀਦਵਾਰਾਂ ਦੇ ਫਿੰਗਰ ਪ੍ਰਿੰਟ ਲਏ ਜਾਣ ਅਤੇ ਸੀਸੀਟੀਵੀ ਕੈਮਰੇ ਲਗਾਏ ਜਾਣ। ਜ਼ਿਕਰਯੋਗ ਹੈ ਕਿ 1 ਦਸੰਬਰ ਨੂੰ ਹੋਣ ਵਾਲੀ ਇਸ ਪ੍ਰੀਖਿਆ ਵਿੱਚ ਪੇਪਰ 1, ਈਟੀਟੀ ਅਤੇ ਪੇਪਰ-2 ਬੀਐੱਡ ਦੇ ਕਰੀਬ 1 ਲੱਖ 25 ਹਜ਼ਾਰ ਉਮੀਦਵਾਰ ਪ੍ਰੀਖਿਆ ਲਈ ਬੈਠਣਗੇ ਅਤੇ ਪੰਜਾਬ ਵਿੱਚ ਕਰੀਬ 250 ਪ੍ਰੀਖਿਆ-ਕੇਂਦਰ ਬਣਾਏ ਗਏ ਹਨ।