ਐੱਸ.ਏ.ਐੱਸ ਨਗਰ : ਉਹ ਰੂਹਾਂ ਬਹੁਤ ਸੁਭਾਗੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਹਰ ਪੜਾਅ 'ਤੇ ਉਨ੍ਹਾਂ ਦੀ ਅਗਵਾਈ ਅਤੇ ਰਾਖੀ ਕਰਨ ਵਾਲੇ ਪਰਮ ਪ੍ਰਮਾਤਮਾ ਦਾ ਹੱਥ ਉਨ੍ਹਾਂ ਦੇ ਸਿਰ ‘ਤੇ ਰਹਿੰਦਾ ਹੈ। ਅਜਿਹੀ ਰੂਹਾਨੀ ਸ਼ਖਸੀਅਤ ਹੈ ਅਨੁਜੋਤ ਕੌਰ ਜੋ ਨਾ ਸਿਰਫ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਗਾਇਕਾ ਹੈ ਸਗੋਂ ਇੱਕ ਅਧਿਆਤਮਿਕ ਗਿਆਨ ਵਾਲੀ, ਚਿੱਤਰਕਾਰ ਅਤੇ ਭੌਤਿਕ ਵਿਗਿਆਨ ਦੀ ਸਾਬਕਾ ਅਧਿਆਪਕ ਵੀ ਹੈ ਜੋ ਤੁਹਾਨੂੰ ਤੁਹਾਡੀਆਂ ਚਿੰਤਾਵਾਂ ਦੇ ਹੱਲ ਲਈ ਇੱਕ ਰਹੱਸਮਈ ਸਫ਼ਰ 'ਤੇ ਲੈ ਜਾਂਦੀ ਹੈ।
ਸੂਫੀਆਨਾ/ਲੋਕ ਸੰਗੀਤ/ਪਲੇਅਬੈਕ ਗਾਇਕੀ ਨੂੰ ਸਮਰਪਿਤ, ਅਨੁਜੋਤ ਨੂੰ ਸ਼ੁਰੂ ਤੋਂ ਹੀ ਸੰਗੀਤ ਨਾਲ ਬੇਹੱਦ ਪਿਆਰ ਸੀ ਅਤੇ ਇਹ ਪਿਆਰ ਤੇ ਲਗਾਅ ਉਸ ਨੂੰ ਆਪਣੇ ਪਿਤਾ ਸ੍ਰੀ ਗੁਰਚਰਨ ਸਿੰਘ ਜੋ ਮੋਗਾ ਦੇ ਪਿੰਡ ਢੁੱਡੀਕੇ ਦੇ ਰਹਿਣ ਵਾਲੇ ਪੰਜਾਬ ਦੇ ਪ੍ਰਸਿੱਧ 'ਗਜ਼ਲ-ਗੋ' ਸਨ, ਤੋਂ ਵਿਰਾਸਤ ਵਿੱਚ ਮਿਲਿਆ ਸੀ। ਘਰ ਵਿੱਚ ਬੌਧਿਕ ਅਤੇ ਰਚਨਾਤਮਕ ਮਾਹੌਲ ਹੋਣ ਕਰਕੇ, ਅਨੁਜੋਤ ਨੇ 4 ਸਾਲ ਦੀ ਉਮਰ ਤੋਂ ਪੇਂਟਿੰਗ ਸ਼ੁਰੂ ਕੀਤੀ ਅਤੇ ਵੱਕਾਰੀ ਦੱਖਣੀ ਏਸ਼ੀਆਈ ਭਾਈਚਾਰੇ ਦੀ ਪ੍ਰਦਰਸ਼ਨੀ ਸਮੇਤ ਵੱਖ-ਵੱਖ ਪ੍ਰਦਰਸ਼ਨੀਆਂ ਵਿੱਚ ਹਿੱਸਾ ਲਿਆ ਜਿਸ ਵਿੱਚ ਦੱਖਣੀ ਏਸ਼ੀਆ ਦੇ 10 ਦੇਸ਼ਾਂ ਦੇ ਚਿੱਤਰਕਾਰਾਂ ਦੀਆਂ ਸ਼ਾਨਦਾਰ ਰਚਨਾਵਾਂ ਸਮੇਤ ਉਸ ਦੀਆਂ ਰਚਨਾਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ।
ਅਕਾਦਮਿਕ ਖੇਤਰ ਵਿੱਚ ਵੀ ਪਿੱਛੇ ਨਾ ਰਹਿਣ ਵਾਲੀ, ਅਨੁਜੋਤ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਭੌਤਿਕ ਵਿਗਿਆਨ ਵਿਚ ਐਮ.ਏ., ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਸੈਕਟਰ-20, ਚੰਡੀਗੜ੍ਹ ਤੋਂ ਬੀ.ਐੱਡ. ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਮ.ਐੱਡ. ਦੀ ਡਿਗਰੀ ਹਾਸਲ ਕੀਤੀ ਅਤੇ 2006 ਵਿੱਚ ਸਰਕਾਰੀ ਖੇਤਰ ਵਿੱਚ ਆਪਣਾ ਅਧਿਆਪਨ ਕੈਰੀਅਰ ਸ਼ੁਰੂ ਕੀਤਾ ਜੋ ਕਿ 17 ਸਾਲਾਂ ਤੱਕ ਨਿਰੰਤਰ ਜਾਰੀ ਰਿਹਾ। ਇਸ ਉਪਰੰਤ ਉਸਨੇ ਆਪਣੇ ਆਪ ਨੂੰ ਸੰਗੀਤ ਦੇ ਖੇਤਰ ਵਿੱਚ ਸਮਰਪਿਤ ਕਰਨ ਲਈ ਅਸਤੀਫਾ ਦੇਣ ਦਾ ਫੈਸਲਾ ਕੀਤਾ।
ਆਪਣੇ ਇਸ ਸਫ਼ਰ ਵਿੱਚ ਉਸ ਦੇ ਜੀਵਨ ਸਾਥੀ ਸ੍ਰੀ ਪੁਨੀਤ ਨੇ ਅਹਿਮ ਭੂਮਿਕਾ ਨਿਭਾਈ। ਲੋਕ ਗਾਇਕੀ ਵੱਲ ਜਾਣ ਦੇ ਉਸ ਸੁਪਨਿਆਂ ਨੂੰ ਖੰਭ ਦੇਣ ਲਈ ਆਪਣੀ ਪਤਨੀ ਅਨੁਜੋਤ ਦਾ ਸਾਥ ਨਿਭਾਉਂਦੇ ਹੋਏ, ਪੁਨੀਤ ਨੇ ਉਸ ਨੂੰ ਨੌਕਰੀ ਨੂੰ ਅਲਵਿਦਾ ਕਹਿ ਕੇ ਆਪਣੇ ਦਿਲ ਦੀਆਂ ਇੱਛਾਵਾਂ ਪੂਰੀਆਂ ਕਰਨ ਅਤੇ ਆਪਣੇ ਸੁਪਨਿਆਂ ਨੂੰ ਜਿਉਣ ਲਈ ਉਤਸ਼ਾਹਿਤ ਕੀਤਾ। ਕਦੇ-ਕਦਾਈਂ, ਜਦੋਂ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਬਾਰੇ ਨਿਮੋਸ਼ੀ ਮਹਿਸੂਸ ਕਰਦੀ, ਤਾਂ ਉਸਦੇ ਹਮਸਫ਼ਰ ਨੇ ਉਸ ਦਾ ਆਤਮ-ਵਿਸ਼ਵਾਸ ਵਧਾ ਕੇ ਉਸਦਾ ਮਨੋਬਲ ਉੱਚਾ ਕੀਤਾ।
ਉਹ ਸਮਕਾਲੀ ਪਾਕਿਸਤਾਨੀ ਪੌਪ ਸੰਗੀਤ, ਪੰਜਾਬੀ ਲੋਕ ਸੰਗੀਤ, ਸੂਫੀ ਪਰੰਪਰਾਗਤ ਅਤੇ ਪੱਛਮੀ ਸੰਗੀਤ ਦੇ ਫਿਊਜ਼ਨ ਸਮੇਤ ਹਲਕੇ ਕਲਾਸੀਕਲ ਪਲੇਅਬੈਕ ਵਿੱਚ ਪੂਰੀ ਤਰਾਂ ਨਿਪੁੰਨ ਹੈ।
ਮੁੱਖ ਖੇਤਰ ਜਿਸ ਵਿੱਚ ਉਹ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ ਅਤੇ ਆਪਣੀ ਊਰਜਾ ਨੂੰ ਦਿਸ਼ਾ ਦੇਣੀ ਚਾਹੁੰਦੀ ਹੈ ਉਹ ਹੈ ਲੋਕ ਸੰਗੀਤ। ਜਿਵੇਂ ਕਿ ਉਹ ਆਪਣੇ ਸ਼ਬਦਾਂ ਵਿੱਚ ਕਹਿੰਦੀ ਹੁੰਦੀ ਹੈ ਕਿ ਉਹ ਜੜ੍ਹਾਂ ਨਾਲ ਜੁੜੀ ਰਹਿਣਾ ਚਾਹੁੰਦੀ ਹੈ। ਇਹ ਉਹ ਸ਼ੈਲੀ ਹੈ ਜੋ ਉਸਨੂੰ ਉੱਚ ਪੱਧਰ ਦਾ ਅਨੰਦ ਦਿੰਦੀ ਹੈ ਜੋ ਸਾਰਥਕ ਸੰਗੀਤ ਲਈ ਉਸਦੀ ਰੂਹ ਦੀ ਪਿਆਸ ਬੁਝਾਉਂਦੀ ਹੈ।
ਅਨੁਜੋਤ ਨੇ ਪੰਜਾਬੀ ਫਿਲਮਾਂ, ਵੈੱਬ ਸੀਰੀਜ਼, ਇਸ਼ਤਿਹਾਰਾਂ ਵਿੱਚ ਪਲੇਅਬੈਕ ਲਈ ਵੱਖ-ਵੱਖ ਪ੍ਰੋਜੈਕਟ ਰਿਕਾਰਡ ਕੀਤੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ 'ਤੇ ਬਾਦਸ਼ਾਹ ਦਰਵੇਸ਼, ਹਿਜਦਾ, ਵੀਰਿਆ, ਲਾਈਟ ਐਂਡ ਸਾਊਂਡ ਸ਼ੋਅ, ਸੱਤ ਬੇਗਾਨੇ, ਮਾਈ ਭਾਗੋ ਵਰਗੇ ਮਸ਼ਹੂਰ ਨਾਟਕਾਂ ਵਿੱਚ ਪਲੇਅਬੈਕ ਗਾਇਕ ਵਜੋਂ ਭੂਮਿਕਾ ਨਿਭਾਈ।
ਕਲਾ ਪ੍ਰੀਸ਼ਦ ਚੰਡੀਗੜ੍ਹ, ਟੈਗੋਰ ਥੀਏਟਰ ਵੱਲੋਂ ਆਯੋਜਿਤ ਵੱਖ-ਵੱਖ ਸੂਫੀ ਮਹਿਫਿਲਾਂ ਵਿੱਚ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ, ਅਨੁਜੋਤ ਨੇ ਵੱਖ-ਵੱਖ ਰਫੀ ਰਾਤਾਂ ਵਿੱਚ ਗ਼ਜ਼ਲਾਂ ਅਤੇ ਫਿਲਮੀ ਗੀਤਾਂ ਦੀ ਪੇਸ਼ਕਾਰੀ ਤੋਂ ਇਲਾਵਾ ਬ੍ਰਹਿਮੰਡ ਅਕੈਡਮੀ ਅਤੇ ਲਾਇਨਜ਼ ਕਲੱਬ ਅਤੇ ਰੋਟਰੀ ਕਲੱਬ ਦੇ ਵੱਖ-ਵੱਖ ਸਮਾਗਮਾਂ ਵਿੱਚ ਮੁੱਖ ਗਾਇਕ ਵਜੋਂ ਵੀ ਕੰਮ ਕੀਤਾ।
ਉਸਦੀਆਂ ਸੁਹਜ ਅਤੇ ਮਨਮੋਹਕ ਧੁਨਾਂ ਇਸ਼ਕ ਕਮਾਉਣਾ, ਯਾਦ ਦੇ ਸਹਾਰੇ, ਮਸਤ ਕਲੰਦਰ, ਨਾਨਕ ਫਕੀਰ, ਰੱਬਾ ਮੇਰੇ, ਮਾਹੀ ਅਣਜਾਣ ਏ, ਢੋਲਣਾ, ਸਾਈਂ, ਦੱਸੇ ਬਿਨਾਂ, ਰੂਹ ਦਾ ਹਾਣੀ, ਰੰਗ ਮਾਣਿਆ, ਰਾਂਝਣਾ ਵਰਗੀਆਂ ਬਹੁਤ ਸਾਰੀਆਂ ਸੰਗੀਤ ਐਲਬਮਾਂ ਦਾ ਸ਼ਿੰਗਾਰ ਬਣੀਆਂ।
ਮੌਜੂਦਾ ਸਮੇਂ ਅਨੁਜੋਤ ਸ਼ਾਹ ਹੁਸੈਨ, ਬਾਬਾ ਬੁੱਲੇ ਸ਼ਾਹ, ਬਾਬਾ ਫਰੀਦ ਅਤੇ ਹੋਰ ਬਹੁਤ ਸਾਰੇ ਸੂਫੀ ਕਵੀਆਂ ਬਾਰੇ ਖੋਜ ਕਰਨ ਦੇ ਨਾਲ ਨਾਲ ਸੂਫੀ ਸੰਗੀਤ ਦੀ ਸਿਰਜਣਾ ਵੱਲ ਸਮਰਪਿਤ ਹੋ ਗਈ ਹੈ।
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪ੍ਰਤਿਭਾਸ਼ਾਲੀ ਗਾਇਕੀ ਦੇ ਹੁਨਰ ਸਦਕਾ, ਅਨੁਜੋਤ ਨੂੰ ਹਾਲ ਹੀ ਵਿੱਚ ਗ੍ਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਵੱਲੋਂ 8ਵੇਂ ਨੈਸ਼ਨਲ ਅਵਾਰਡ ਸਮਾਰੋਹ ਦੌਰਾਨ ਪਦਮ ਭੂਸ਼ਣ ਗੁਰਮੀਤ ਬਾਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵੱਖ-ਵੱਖ ਫਾਊਂਡੇਸ਼ਨਾਂ ਜਿਵੇਂ ਕਿ ਖੇਤੀ ਵਿਰਾਸਤ ਮਿਸ਼ਨ, ਸਪਤ ਸਿੰਧੂ, ਨਿਵੇਦਿਤਾ ਟੀਮ, 9 ਤੋਂ 9 ਮਨੋਰੰਜਨ ਜੋ ਮਿਸਸ ਪੰਜਾਬਣ ਪੇਜੈਂਟਸ ਕਰਵਾਉਂਦੀ ਹੈ, 2 ਆਰ.ਆਰ. ਪ੍ਰੋਡਕਸ਼ਨ, ਸੈਂਟਰ ਆਫ ਕਲਚਰਲ ਰਿਸੋਰਸ ਐਂਡ ਟ੍ਰੇਨਿੰਗ (ਸੀ.ਸੀ.ਆਰ.ਟੀ.), ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ (ਸੀ.ਐਸ.ਐਨ.ਏ.) ਦੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਰੇਸ਼ਮਾ, ਆਬਿਦਾ ਪਰਵੀਨ, ਲਤਾ ਮੰਗੇਸ਼ਕਰ, ਸੁਰਿੰਦਰ ਕੌਰ, ਨੂਰ ਜਹਾਂ ਵਰਗੀਆਂ ਮਸ਼ਹੂਰ ਗਾਇਕਾਵਾਂ ਦੇ ਪ੍ਰਸ਼ੰਸਕ ਹੋਣ ਦੇ ਨਾਤੇ ਅਨੁਜੋਤ ਦੀ ਸੰਗੀਤਕ ਗਾਥਾ ਯਕੀਨੀ ਤੌਰ ‘ਤੇ ਸਮੇਂ ਦੀ ਰੇਤ 'ਤੇ ਆਪਣੀ ਵਿਲੱਖਣ ਛਾਪ ਛੱਡੇਗੀ।