ਪੰਜਾਬ ਦੀ ਮਹਿਲਾ ਟੀਮ ਨੇ ਝਾਰਖੰਡ ਨੂੰ ਹਰਾਇਆ
ਕਰਨਾਟਕ ਨੇ ਪੱਛਮੀ ਬੰਗਾਲ ਅਤੇ ਹਿਮਾਚਲ ਨੇ ਮਹਾਰਾਸ਼ਟਰ ਨੂੰ ਹਰਾਇਆ
ਸੁਨਾਮ : ਸਿਸਟੋਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਕੈਂਪਸ ਵਿਖੇ ਕਰਵਾਈ ਜਾ ਰਹੀ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ। ਚੈਂਪੀਅਨਸ਼ਿਪ ਵਿੱਚ 25 ਰਾਜਾਂ ਦੇ 1400 ਖਿਡਾਰੀ ਭਾਗ ਲੈ ਰਹੇ ਹਨ। ਚੈਂਪੀਅਨਸ਼ਿਪ ਦਾ ਉਦਘਾਟਨ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਐਕਸੀਅਨ ਗੁਰਸ਼ਰਨ ਸਿੰਘ ਅਤੇ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਕੌਮੀ ਪੱਧਰ ਦੀ ਤਿੰਨ ਰੋਜ਼ਾ ਸਿਸਟੋਬਾਲ ਦੇ ਉਦਘਾਟਨੀ ਸਮਾਰੋਹ ਮੌਕੇ ਸੇਵਾਮੁਕਤ ਐਸ ਪੀ ਰੁਪਿੰਦਰ ਭਾਰਦਵਾਜ, ਚੇਅਰਮੈਨ ਹਰਪਾਲ ਸਿੰਘ ਖਡਿਆਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਿੰਦਰਪਾਲ ਸਿੰਘ ਕੁੱਕੂ ਗਰੇਵਾਲ, ਮੁਹੰਮਦ ਆਕਿਬ ਬੈਂਗਲੁਰੂ, ਡੀਏਵੀ ਪਬਲਿਕ ਸਕੂਲ ਦੇ ਚੇਅਰਮੈਨ ਅਨੁਰਿੱਧ ਵਸ਼ਿਸ਼ਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਚੈਂਪੀਅਨਸ਼ਿਪ ਦੇ ਉਦਘਾਟਨੀ ਮੈਚ ਵਿੱਚ ਲੜਕੀਆਂ ਦੇ ਸੀਨੀਅਰ ਵਰਗ ਦੇ ਮੈਚਾਂ ਵਿੱਚ ਪੰਜਾਬ ਦੀ ਟੀਮ ਨੇ ਝਾਰਖੰਡ ਨੂੰ ਹਰਾਇਆ। ਮੁੰਬਈ ਲੜਕੀਆਂ ਦੀ ਟੀਮ ਨੇ ਤੇਲੰਗਾਨਾ ਨੂੰ ਹਰਾਇਆ। ਸੀਨੀਅਰ ਲੜਕਿਆਂ ਦੇ ਮੈਚ ਵਿੱਚ ਕਰਨਾਟਕ ਨੇ ਪੱਛਮੀ ਬੰਗਾਲ ਨੂੰ ਹਰਾਇਆ। ਹਿਮਾਚਲ ਨੇ ਮਹਾਰਾਸ਼ਟਰ ਨੂੰ ਹਰਾਇਆ, ਝਾਰਖੰਡ ਨੇ ਛੱਤੀਸਗੜ੍ਹ ਨੂੰ ਹਰਾਇਆ, ਵਿਦਰਭ ਅਤੇ ਤੇਲੰਗਾਨਾ ਨੇ ਬਰਾਬਰੀ ਕੀਤੀ। ਮੁੰਬਈ ਨੇ ਪੁਡੂਚੇਰੀ ਨੂੰ ਹਰਾਇਆ। ਸਿਸਟੋਬਾਲ ਫੈਡਰੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਦੂਜੀ ਵਾਰ ਕੌਮੀ ਪੱਧਰ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਅਤੇ ਕਰਨਾਟਕ ਵਿੱਚ ਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ਕਰਵਾਈਆਂ ਗਈਆਂ ਸਨ। ਇਸ ਮੌਕੇ ਬਲਵਿੰਦਰ ਭਾਰਦਵਾਜ, ਕਾਹਨ ਦਾਸ ਬਾਵਾ, ਰਛਪਾਲ ਸਿੰਘ ਪਾਲੀ, ਸੁਖਦੇਵ ਸਿੰਘ ਭਰੂਰ, ਬਲਜੀਤ ਸਿੰਘ ਖਡਿਆਲ, ਕੁਲਦੀਪ ਸਿੰਘ ਬਾਹੀਆ, ਅਥਲੀਟ ਬਰਖਾ ਸਿੰਘ, ਗੁਰਸੇਵਕ ਸਿੰਘ ਬਿਗੜਵਾਲ, ਬੈਂਕ ਮੈਨੇਜਰ ਪੁਸ਼ਪਿੰਦਰ ਸਿੰਘ ਸਮਰਾਓ , ਜਰਨੈਲ ਸਿੰਘ ਆਦਿ ਹਾਜ਼ਰ ਸਨ।