Sunday, December 29, 2024

Chandigarh

ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਨੇ ਸਾਲ 2024 ਦੌਰਾਨ ਕੀਤੀਆਂ ਮਹੱਤਵਪੂਰਨ ਪ੍ਰਾਪਤੀਆਂ

December 28, 2024 07:51 PM
SehajTimes

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਾਲ 2024 ਦੌਰਾਨ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਅਨੇਕਾਂ ਕਦਮ ਚੁੱਕੇ ਹਨ। ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇਹ ਮਹੱਤਵਪੂਰਨ ਪਹਿਲਕਦਮੀਆਂ ਸਾਡੇ ਹਥਿਆਰਬੰਦ ਸੈਨਿਕਾਂ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਸੈਨਿਕਾਂ ਦੀ ਭਲਾਈ ਲਈ ਕੀਤੇ ਅਨੇਕਾਂ ਸੁਧਾਰਾਂ ਅਤੇ ਨਵੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਿਊ ਸਟਾਰ ਤੋਂ ਪ੍ਰਭਾਵਿਤ ਧਰਮੀ ਫੌਜੀਆਂ ਲਈ ਮਹੀਨਾਵਾਰ ਗ੍ਰਾਂਟ ਨੂੰ 10,000 ਰੁਪਏ ਤੋਂ ਵਧਾ ਕੇ 12,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਮਹੱਤਵਪੂਰਨ ਫੈਸਲਾ ਪ੍ਰਭਾਵਿਤ ਪਰਿਵਾਰਾਂ ਲਈ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਸਮਰਪਿਤ ਭਾਵਨਾ ਨੂੰ ਦਰਸਾਉਂਦਾ ਹੈ।

ਮੰਤਰੀ ਸ੍ਰੀ ਭਗਤ ਨੇ ਦਿਵਿਆਂਗ ਸਿਪਾਹੀਆਂ ਲਈ ਦਿੱਤੇ ਸਮਰਥਨ ਨੂੰ ਉਜਾਗਰ ਕਰਦਿਆਂ ਕਿਹਾ ਕਿ ਆਪਣੀ ਡਿਊਟੀ ਦੌਰਾਨ ਜ਼ਖ਼ਮੀ ਹੋਏ ਸੈਨਿਕਾਂ ਲਈ ਐਕਸ-ਗ੍ਰੇਸ਼ੀਆ ਦੀ ਰਕਮ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ, ਹੁਣ ਦਿਵਿਆਂਗਤਾ ਦੇ ਆਧਾਰ ‘ਤੇ 10 ਲੱਖ ਰੁਪਏ ਤੋਂ ਲੈ ਕੇ 40 ਲੱਖ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਹ ਉਨ੍ਹਾਂ ਸੈਨਿਕਾਂ ਪ੍ਰਤੀ ਸੂਬਾ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਬਹਾਦਰੀ ਅਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕੀਤੀ ਹੈ।

ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਵਾਰ ਜਗੀਰ ਸਕੀਮ ਬਾਰੇ ਬੋਲਦਿਆਂ ਕਿਹਾ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਦੀ ਸਾਲਾਨਾ ਵਿੱਤੀ ਸਹਾਇਤਾ ਨੂੰ 10,000 ਰੁਪਏ ਤੋਂ ਵਧਾ ਕੇ 20,000 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਗੈਰ-ਪੈਨਸ਼ਨ ਵਾਲੇ ਵਿਸ਼ਵ ਯੁੱਧ I ਅਤੇ II ਦੇ ਸਾਬਕਾ ਸੈਨਿਕਾਂ ਅਤੇ 65 ਸਾਲ ਤੋਂ ਵੱਧ ਉਮਰ ਦੀਆਂ ਉਨ੍ਹਾਂ ਦੀਆਂ ਵਿਧਵਾਵਾਂ ਲਈ ਵਿੱਤੀ ਸਹਾਇਤਾ ਨੂੰ ₹6,000 ਤੋਂ ਵਧਾ ਕੇ ₹10,000 ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ ਤਾਂ ਕਿ ਸਾਡੇ ਬਜ਼ੁਰਗ ਜੰਗੀ ਨਾਇਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਨਮਾਨਜਨਕ ਜੀਵਨ ਨੂੰ ਯਕੀਨੀ ਬਣਾਇਆ ਜਾ ਸਕੇ।

ਸ਼ਹੀਦਾਂ ਪ੍ਰਤੀ ਪੰਜਾਬ ਸਰਕਾਰ ਵੱਲੋਂ ਦਿੱਤੇ ਸਨਮਾਨ ਦੀ ਪੁਸ਼ਟੀ ਕਰਦਿਆਂ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਵਿਖੇ ਕਰਵਾਏ ਇੱਕ ਸਮਾਰੋਹ ਵਿੱਚ ਆਪ੍ਰੇਸ਼ਨ ਵਿਜੈ ਦੌਰਾਨ ਕੁਰਬਾਨੀ ਦੇਣ ਵਾਲੇ 65 ਸੈਨਿਕਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਸ੍ਰੀਲੰਕਾ ਵਿੱਚ ਆਪ੍ਰੇਸ਼ਨ ਪਵਨ ਦੌਰਾਨ ਸ਼ਹੀਦ ਹੋਏ 114 ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਲੁਧਿਆਣਾ ਦੇ ਵਾਰ ਮੈਮੋਰੀਅਲ ਵਿਖੇ ਇੱਕ ਹੋਰ ਵੱਡਾ ਸਮਾਗਮ ਕਰਵਾਇਆ ਗਿਆ। 

ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ 8 ਨਵੰਬਰ ਤੋਂ 7 ਦਸੰਬਰ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੁੰਦੀ ਹੋਈ ਇੱਕ ਸਾਈਕਲ ਰੈਲੀ ਕੱਢੀ ਗਈ। ਇਕ ਮਹਿਨੇ ਤੱਕ ਚੱਲੀ ਇਹ ਰੈਲੀ ਚੰਡੀਗੜ੍ਹ ਦੇ ਵਾਰ ਮੈਮੋਰੀਅਲ ਵਿਖੇ ਸਮਾਪਤ ਹੋਈ ਜਿਥੇ ਸ਼ਹੀਦਾਂ ਅਤੇ ਸਾਬਕਾ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਜਿਸ ਨਾਲ ਸੂਬਾ ਵਾਸੀਆਂ ਵਿੱਚ ਮਾਣ ਅਤੇ ਏਕਤਾ ਦੀ ਭਾਵਨਾ ਪੈਦਾ ਹੋਈ।

ਵਿਭਾਗ ਵੱਲੋਂ ਰੋਜ਼ਗਾਰ ਲਈ ਕੀਤੇ ਅਹਿਮ ਉਪਰਾਲਿਆਂ ਨੂੰ ਉਜਾਗਰ ਕਰਦਿਆਂ ਸ੍ਰੀ ਭਗਤ ਨੇ ਦੱਸਿਆ ਕਿ ਆਨਰ 'ਤੇ ਗ੍ਰੈਟੀਚਿਊਟ ਪਾਲਿਸੀ ਤਹਿਤ ਸ਼ਹੀਦਾਂ ਦੇ 14 ਆਸ਼ਰਿਤਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ 'ਚ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਸਿੱਧੀ ਭਰਤੀ ਵਿੱਚ 13 ਫ਼ੀਸਦ ਰਾਖਵਾਂਕਰਨ ਦਿੱਤਾ ਗਿਆ ਹੈ ਅਤੇ ਦੋ ਸਾਲਾਂ ਵਿੱਚ 2,044 ਅਸਾਮੀਆਂ ਭਰੀਆਂ ਗਈਆਂ ਹਨ। ਸੂਬਾ ਸਰਕਾਰ ਦਾ ਇਹ ਕਦਮ ਸਾਡੇ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਤੋਂ ਇਲਾਵਾ ਮੰਤਰੀ ਨੇ ਦੱਸਿਆ ਕਿ ਗਰੁੱਪ ਬੀ ਅਤੇ ਸੀ ਦੇ ਮੁਲਾਜ਼ਮਾਂ ਲਈ ਨਵੇਂ ਸੇਵਾ ਨਿਯਮ ਤਿਆਰ ਕੀਤੇ ਗਏ ਸਨ, ਜਿਨ੍ਹਾਂ ਨੂੰ ਕੈਬਨਿਟ ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਰਾਹੀਂ ਪੰਜ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰਾਂ ਦੀ ਭਰਤੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਪੈਨਸ਼ਨ ਦੀ ਵੰਡ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ 15 ਦਿਨਾਂ ਦਾ ਵਿਸ਼ੇਸ਼ ਸਪਰਸ਼ ਕੈਂਪ ਲਗਾਇਆ ਗਿਆ ਤਾਂ ਜੋ 1691 ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਆਸ਼ਰਿਤਾਂ ਨੂੰ ਉਨ੍ਹਾਂ ਦੇ ਲਾਈਫ਼ ਸਰਟੀਫਿਕੇਟ ਅਪਲੋਡ ਕਰਨ ਦੀ ਸਹੂਲਤ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਭਲਾਈ ਸਕੀਮਾਂ ਦਾ ਇੱਕ ਵਿਆਪਕ ਕਿਤਾਬਚਾ ਪ੍ਰਕਾਸ਼ਿਤ ਕੀਤਾ ਗਿਆ ਅਤੇ ਲਾਭਪਾਤਰੀਆਂ ਵਿੱਚ ਵੰਡਿਆ ਗਿਆ ਤਾਂ ਜੋ ਉਨ੍ਹਾ ਨੂੰ ਸਰਕਾਰੀ ਸਹਾਇਤਾ ਅਤੇ ਸਕੀਮਾਂ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾ ਸਕੇ।

ਸੈਨਿਕਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਵਿਲੱਖਣ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਸ੍ਰੀ ਭਗਤ ਨੇ ਕਿਹਾ ਕਿ ਫੌਜੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਲਈ ਯਕਮੁਸ਼ਤ ਗ੍ਰਾਂਟਾਂ ਨੂੰ ਸੋਧਿਆ ਗਿਆ ਹੈ। ਉਨ੍ਹਾ ਦੱਸਿਆ ਕਿ ਪਰਮ ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਕਰਨ ਵਾਲੇ ਸੈਨਿਕਾਂ ਨੂੰ ਹੁਣ 6 ਲੱਖ ਰੁਪਏ ਦਿੱਤੇ ਜਾਂਦੇ ਹਨ, ਜਦੋਂ ਕਿ ਸਰਵੋਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਸੈਨਿਕਾਂ ਨੂੰ 6.50 ਲੱਖ ਰੁਪਏ ਦਿੱਤੇ ਜਾਂਦੇ ਹਨ। 

ਮੰਤਰੀ ਨੇ ਕਿਹਾ ਕਿ ਸਾਲ 2024 ਰੱਖਿਆ ਸੇਵਾਵਾਂ ਭਲਾਈ ਵਿਭਾਗ ਲਈ ਇੱਕ ਵੱਡੀ ਤਬਦੀਲੀ ਵਾਲਾ ਦੌਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ, ਮਾਣ-ਸਨਮਾਨ ਅਤੇ ਖੁਸ਼ਹਾਲ ਜੀਵਨ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ

Have something to say? Post your comment

 

More in Chandigarh

ਮੁੱਖ ਮੰਤਰੀ ਨੇ ਬਠਿੰਡਾ ਨੇੜੇ ਸੜਕ ਹਾਦਸੇ 'ਚ ਯਾਤਰੀਆਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ

ਪੰਜਾਬ ਸਰਕਾਰ ਨੇ ਖੇਤੀਬਾੜੀ ਸੈਕਟਰ ਦੀ ਖੁਸ਼ਹਾਲੀ ਲਈ ਲਿਆਂਦੀਆਂ ਨਵੀਆਂ ਪਹਿਲਕਦਮੀਆਂ

ਸਾਲ 2024 ਤੱਕ 12809 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ: ਸੌਂਦ

ਪੰਜਾਬ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ 'ਤੇ ਸੱਤ ਦਿਨਾਂ ਦੇ ਰਾਜਸੀ ਸੋਗ ਦਾ ਐਲਾਨ

ਸੰਧਵਾਂ ਨੇ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

ਪੰਜਾਬ ਸਰਕਾਰ ਨੇ 2024 ਵਿੱਚ ਜੇਲ੍ਹ ਸੁਰੱਖਿਆ ਢਾਂਚੇ ਨੂੰ ਕੀਤਾ ਮਜ਼ਬੂਤ, ਕੈਦੀਆਂ ਦੇ ਮੁੜ-ਵਸੇਬੇ ਸਬੰਧੀ ਪਹਿਲਕਦਮੀਆਂ ਵਿੱਚ ਕੀਤਾ ਵਾਧਾ: ਲਾਲਜੀਤ ਸਿੰਘ ਭੁੱਲਰ

ਡਾ. ਬਲਜੀਤ ਕੌਰ ਨੇ ਮਹਿਲਾ ਸਸ਼ਕਤੀਕਰਨ ਅਤੇ ਸਮਾਜ ਭਲਾਈ ਪ੍ਰਤੀ ਅਹਿਮ ਪ੍ਰਾਪਤੀਆਂ ‘ਤੇ ਚਾਨਣਾ ਪਾਇਆ

ਕੈਬਨਿਟ ਸਬ-ਕਮੇਟੀ ਵੱਲੋਂ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਕਰਮਚਾਰੀ ਯੂਨੀਅਨਾਂ ਮੀਟਿੰਗ

ਆਂਗਣਵਾੜੀ ਕੇਂਦਰਾਂ ਦਾ ਪੰਜਾਬ ਸਰਕਾਰ ਵੱਲੋਂ ਨਿਰਮਾਣ ਕਰਕੇ ਬਾਲ ਅਤੇ ਮਾਵਾਂ ਦੀ ਦੇਖਭਾਲ ਦੀਆਂ ਸਹੂਲਤਾਂ ਵਿੱਚ ਕੀਤਾ ਜਾਵੇਗਾ ਵਾਧਾ: ਡਾ. ਬਲਜੀਤ ਕੌਰ

ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂ ਪਾਲਣ ਵਿਭਾਗ ਵਿੱਚ 11 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ