ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਪੀ.ਡੀ.ਏ. (ਪਟਿਆਲਾ ਵਿਕਾਸ ਅਥਾਰਟੀ) ਦੇ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕਰਦਿਆਂ ਪੀ.ਡੀ.ਏ., ਨਗਰ ਨਿਗਮ, ਬਿਜਲੀ ਨਿਗਮ, ਡਰੇਨੇਜ ਤੇ ਹੋਰ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਸਾਰੇ ਪ੍ਰਾਜੈਕਟਾਂ ਨੂੰ ਤੇਜੀ ਨਾਲ ਪੂਰਾ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਪੀ.ਡੀ.ਏ. ਦੀਆਂ 7 ਵੱਖ-ਵੱਖ ਸਾਇਟਾਂ ਨਗਰ ਨਿਗਮ ਨੂੰ ਤਬਦੀਲ ਕਰਨ, ਹੈਰੀਟੇਜ ਸਟਰੀਟ, ਛੋਟੀ ਨਦੀ ਅਤੇ ਵੱਡੀ ਨਦੀ ਦੇ ਨਵੀਨੀਕਰਨ ਦੇ ਲੰਬਿਤ ਪਏ ਕੰਮਾਂ ਸਮੇਤ ਹੋਰ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ, ਨਗਰ ਨਿਗਮ ਦੇ ਕਮਿਸ਼ਨਰ ਡਾ. ਰਜਤ ਓਬਰਾਏ, ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ, ਵਧੀਕ ਪ੍ਰਸ਼ਾਸਕ ਪੀ.ਡੀ.ਏ. ਜਸ਼ਨਪ੍ਰੀਤ ਕੌਰ ਗਿੱਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਕਾਲ ਕੰਪਲੈਕਸ ਨੇੜੇ ਅਮਰ ਆਸ਼ਰਮ, 15 ਏਕੜ ਸਾਈਟ (ਨੇੜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ), 3.65 ਏਕੜ ਪੀ.ਆਰ.ਟੀ.ਸੀ. ਸਾਈਟ ਨਾਭਾ ਰੋਡ, 2.26 ਏਕੜ ਸਾਇਟ ਪਾਕੇਟ ਬੀ ਫੁਲਕੀਆਂ ਇਨਕਲੇਵ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਕਮਰਸ਼ੀਅਲ ਪਾਕੇਟ, ਫੁਲਕੀਆਂ ਇਨਕਲੇਵ, ਸ਼ੇਰ-ਏ-ਪੰਜਾਬ ਮਾਰਕੀਟ ਨੇੜੇ ਕਮਰਸ਼ੀਅਲ ਪਾਕੇਟ ਸਾਈਟਾਂ ਨਗਰ ਨਿਗਮ ਨੂੰ ਤਬਦੀਲ ਕਰਨ ਦੀ ਪ੍ਰਕ੍ਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੀ.ਡੀ.ਏ., ਨਗਰ ਨਿਗਮ, ਬਿਜਲੀ ਨਿਗਮ, ਡਰੇਨੇਜ ਤੇ ਹੋਰ ਵਿਭਾਗਾਂ ਨੂੰ ਕਿਹਾ ਕਿ ਸਾਰੇ ਕੰਮ ਆਪਸੀ ਤਾਲਮੇਲ ਕਰਦਿਆਂ ਸਮਾਂਬੱਧ ਢੰਗ ਨਾਲ ਨਿਪਟਾਏ ਜਾਣ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਹੈਰੀਟੇਜ ਸਟਰੀਟ ਦੇ ਲਮਕਦੇ ਮਸਲਿਆਂ ਦੀ ਸਮੀਖਿਆ ਕਰਦਿਆਂ ਪੀ.ਡੀ.ਏ., ਬਿਜਲੀ ਨਿਗਮ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਮੁਸ਼ਕਿਲ ਦੇ ਮੱਦੇਨਜ਼ਰ ਇਸ ਪ੍ਰਾਜੈਕਟ ਦੇ ਲਮਕਦੇ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਨੇ ਛੋਟੀ ਨਦੀ ਤੇ ਵੱਡੀ ਨਦੀ ਦੇ ਨਵੀਨੀਕਰਨ ਦੇ ਬਕਾਇਆ ਕੰਮਾਂ ਲਈ ਜੰਗਲਾਤ ਤੇ ਜੰਗਲੀ ਜੀਵ ਵਿਭਾਗਾਂ ਤੋਂ ਐਨ.ਓ.ਸੀ. ਲੈਣ ਲਈ ਲੋੜੀਂਦੀ ਪ੍ਰਕ੍ਰਿਆ ਤੁਰੰਤ ਮੁਕੰਮਲ ਕੀਤੀ ਜਾਵੇ। ਇਸ ਬੈਠਕ ਮੌਕੇ ਜੰਗਲੀ ਜੀਵ ਵਣ ਮੰਡਲ ਅਫ਼ਸਰ ਗੁਰਮਨਪ੍ਰੀਤ ਸਿੰਘ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨਿ ਸਿੰਘ, ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਘਈ, ਪੀ.ਡੀ.ਏ., ਬਿਜਲੀ ਨਿਗਮ, ਸੀਵਰੇਜ ਬੋਰਡ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।