ਖਨੌਰੀ : ਅੱਜ 41ਵੇਂ ਦਿਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਨੌਰੀ ਬਾਰਡਰ 'ਤੇ ਨਿਰੰਤਰ ਜਾਰੀ ਰਿਹਾ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਦੇ ਜਿਗਰ, ਗੁਰਦੇ ਅਤੇ ਫੇਫੜਿਆਂ ਵਿੱਚ ਖਰਾਬੀ ਆਈ ਹੈ। ਉਨ੍ਹਾਂ ਕਿਹਾ ਕਿ ਜੇ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਖਤਮ ਵੀ ਹੋ ਜਾਵੇ ਤਾਂ ਵੀ ਇਹ ਖਤਰਾ ਹੈ ਕਿ ਸ਼ਾਇਦ ਉਨ੍ਹਾਂ ਦੇ ਸਾਰੇ ਅੰਗ 100% ਕੰਮ ਨਾ ਕਰ ਸਕਣ। ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਜੀ ਕਈ ਦਿਨਾਂ ਤੋਂ ਠੀਕ ਤਰੀਕੇ ਨਾਲ ਖੜ੍ਹੇ ਨਹੀਂ ਹੋ ਪਾ ਰਹੇ ਹਨ, ਇਸ ਲਈ ਉਨ੍ਹਾਂ ਦਾ ਵਜ਼ਨ ਠੀਕ ਤਰੀਕੇ ਨਾਲ ਮਾਪਿਆ ਨਹੀਂ ਜਾ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮਾਸਪੇਸ਼ੀਆਂ ਬਿਲਕੁਲ ਖਤਮ ਹੋ ਚੁੱਕੀਆਂ ਹਨ, ਜੋ ਸ਼ਾਇਦ ਮੁੜ ਰਿਕਵਰ ਨਾ ਹੋ ਸਕਣ। ਡਾਕਟਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਗਲੋਮੇਰੁਲਰ ਫਿਲਟਰੇਸ਼ਨ ਰੇਟ ਘਟ ਰਿਹਾ ਹੈ, ਜਿਸ ਕਰਕੇ ਉਨ੍ਹਾਂ ਦੇ ਖੂਨ ਨੂੰ ਸਾਫ ਕਰਨ ਦੀ ਸਮਰੱਥਾ ਘਟ ਰਹੀ ਹੈ। ਡਾਕਟਰਾਂ ਨੇ ਕਿਹਾ ਕਿ ਕੱਲ੍ਹ ਸ਼ਾਮ ਤੋਂ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਵਾਰ-ਵਾਰ ਉਲਟੀਆਂ ਹੋ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਅਤੇ ਉਹ ਅੱਜ ਬੋਲ ਵੀ ਨਹੀਂ ਪਾ ਰਹੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਕੱਲ੍ਹ ਖਨੌਰੀ ਮੋਰਚੇ 'ਤੇ ਪਹੁੰਚੇ ਲੱਖਾਂ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਨਵੀਂ ਊਰਜਾ ਦੇਣ ਦਾ ਕੰਮ ਕੀਤਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਕਿਸਾਨ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ, ਜਿਨ੍ਹਾਂ ਦੇ ਮੈਂਬਰ ਕੱਲ੍ਹ ਸੜਕ ਹਾਦਸੇ ਵਿੱਚ ਸ਼ਹੀਦ ਜਾਂ ਜਖਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਪਰਮਾਤਮਾ-ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਪਰਿਵਾਰਾਂ ਨੂੰ ਇਹ ਦੁੱਖ ਸਹਿਨ ਕਰਨ ਦੀ ਹਿੰਮਤ ਦੇਵੇ।ਇਸ ਮੌਕੇ ਉਹਨਾਂ ਦੇ ਨਾਲ ਅਭਿਮਾਨੁ ਕੁਹਾੜ, ਲਖਵਿੰਦਰ ਸਿੰਘ ਔਲਖ, ਕਾਕਾ ਸਿੰਘ ਕੋਟੜਾ, ਦਲਜੀਤ ਸਿੰਘ ਵਿਰਕ, ਗੁਰਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਭੋਗਰਾਜ, ਸੁਖਜਿੰਦਰ ਸਿੰਘ ਖੋਸਾ, ਇੰਦਰਜੀਤ ਸਿੰਘ ਕੋਟਬੁੱਢਾ, ਬਲਦੇਵ ਸਿੰਘ ਸਿਰਸਾ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੁਰਜੀਤ ਸਿੰਘ ਫੂਲ ਸਮੇਤ ਹੋਰ ਵੀ ਕਿਸਾਨ ਆਗੂ ਮੌਜੂਦ ਸਨ।