ਸੁਨਾਮ : ਕਾਰੋਬਾਰੀਆਂ ਨੂੰ ਜੀਐਸਟੀ ਰਜਿਸਟਰ ਕਰਨ ਲਈ ਸੁਨਾਮ ਵਿਖੇ ਸ਼ੁੱਕਰਵਾਰ ਨੂੰ ਆਬਕਾਰੀ ਤੇ ਕਰ ਵਿਭਾਗ ਵੱਲੋਂ ਡੋਰ ਟੂ ਡੋਰ ਸਰਵੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇੱਥੋਂ ਦੇ ਬੱਸ ਸਟੈਂਡ ਨੇੜੇ ਕਰੀਬ ਦਸ ਕਾਰੋਬਾਰੀ ਥਾਵਾਂ ਦਾ ਸਰਵੇ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈ.ਟੀ.ਓ ਨਿਤਿਨ ਗੋਇਲ ਨੇ ਦੱਸਿਆ ਕਿ ਵਿਭਾਗ ਦੇ ਇੰਸਪੈਕਟਰ ਨੀਤੂ ਕਾਂਸਲ ਦੀ ਅਗਵਾਈ 'ਚ ਵਿਭਾਗ ਦੀ ਟੀਮ ਨੇ ਸੁਨਾਮ 'ਚ 10 ਕਾਰੋਬਾਰੀ ਥਾਵਾਂ ਤੋਂ ਅੰਕੜਾ ਇਕੱਠਾ ਕੀਤਾ ਹੈ ਇਕੱਤਰ ਕੀਤੇ ਅੰਕੜਿਆਂ ਦੇ ਆਧਾਰ 'ਤੇ ਜੋ ਵੀ ਕਾਰੋਬਾਰੀ ਜੀਐਸਟੀ ਨੰਬਰ ਲੈਣ ਦੇ ਯੋਗ ਹੈ ਉਸ ਨੂੰ ਇਸ ਪ੍ਰਣਾਲੀ ਨਾਲ ਜੋੜਿਆ ਜਾਵੇਗਾ। ਵਿਭਾਗ ਦਾ ਉਦੇਸ਼ ਕਿਸੇ ਵੀ ਵਪਾਰੀ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੈ ਪਰ ਜਿਹੜੇ ਵਪਾਰੀ ਜੀਐਸਟੀ ਰਜਿਸਟਰੇਸ਼ਨ ਲਈ ਯੋਗ ਹਨ ਉਨ੍ਹਾਂ ਨੂੰ ਜੀਐਸਟੀ ਪ੍ਰਣਾਲੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਜੀਐਸਟੀ ਰਜਿਸਟਰਡ ਕਾਰੋਬਾਰੀ ਆਪਣੀਆਂ ਦੁਕਾਨਾਂ ਦੇ ਬਾਹਰ ਜੀਐਸਟੀ ਨੰਬਰ ਜ਼ਰੂਰ ਲਿਖਣ। ਉਨ੍ਹਾਂ ਦੇ ਕਾਰੋਬਾਰੀ ਸਥਾਨਾਂ ਦਾ ਕੋਈ ਸਰਵੇਖਣ ਨਹੀਂ ਹੋਵੇਗਾ। ਜਿਨ੍ਹਾਂ ਕਾਰੋਬਾਰਾਂ ਦਾ ਸਾਲਾਨਾ ਟਰਨਓਵਰ 40 ਲੱਖ ਰੁਪਏ ਤੋਂ ਵੱਧ ਹੈ ਉਨ੍ਹਾਂ ਨੂੰ ਜੀਐਸਟੀ ਨਾਲ ਜੋੜਿਆ ਜਾਵੇਗਾ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਰੋਬਾਰੀਆਂ ਲਈ ਜੀਐਸਟੀ ਨੰਬਰ ਪ੍ਰਾਪਤ ਕਰਨਾ ਲਾਜ਼ਮੀ ਹੈ ਜੇਕਰ ਉਨ੍ਹਾਂ ਦਾ ਟਰਨਓਵਰ 20 ਲੱਖ ਰੁਪਏ ਤੋਂ ਵੱਧ ਹੈ।