40 ਲੱਖ ਰੁਪਏ ਤੋਂ ਵੱਧ ਟਰਨ ਓਵਰ ਵਾਲੇ ਕਾਰੋਬਾਰੀਆਂ ਨੂੰ ਜੀਐਸਟੀ ਨੰਬਰ ਲੈਣਾ ਜ਼ਰੂਰੀ
ਈਟੀਓ ਨਿਤਿਨ ਗੋਇਲ ਵਪਾਰੀਆਂ ਨਾਲ ਮੀਟਿੰਗ ਕਰਦੇ ਹੋਏ
ਸੁਨਾਮ : ਆਬਕਾਰੀ ਅਤੇ ਕਰ ਵਿਭਾਗ ਵੱਲੋਂ ਸੁਨਾਮ ਸ਼ਹਿਰ ਵਿੱਚ ਘਰ-ਘਰ ਸਰਵੇਖਣ ਕਰਕੇ ਕਾਰੋਬਾਰੀਆਂ ਨੂੰ ਜੀਐਸਟੀ ਵਿੱਚ ਰਜਿਸਟਰ ਕੀਤਾ ਜਾਵੇਗਾ। ਇਸ ਮੁਹਿੰਮ ਸਬੰਧੀ ਵਪਾਰੀਆਂ ਨੂੰ ਜਾਗਰੂਕ ਕਰਨ ਲਈ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕੋਈ ਭੰਬਲਭੂਸਾ ਪੈਦਾ ਨਾ ਹੋਵੇ। ਵੀਰਵਾਰ ਨੂੰ ਸੁਨਾਮ ਵਿਖੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਈ.ਟੀ.ਓ ਨਿਤਿਨ ਗੋਇਲ ਨੇ ਦੱਸਿਆ ਕਿ ਵਿਭਾਗ ਦੀ ਟੀਮ ਸ਼ੁੱਕਰਵਾਰ ਤੋਂ ਘਰ-ਘਰ ਸਰਵੇ ਸ਼ੁਰੂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜਿਹੜੇ ਕਾਰੋਬਾਰੀਆਂ ਕੋਲ ਪਹਿਲਾਂ ਹੀ ਜੀਐਸਟੀ ਨੰਬਰ ਹਨ, ਉਨ੍ਹਾਂ ਦੇ ਕਾਰੋਬਾਰੀ ਸਥਾਨਾਂ ਦਾ ਸਰਵੇਖਣ ਨਹੀਂ ਕੀਤਾ ਜਾਵੇਗਾ। ਪਰ ਅਜਿਹੇ ਕਾਰੋਬਾਰੀਆਂ ਨੂੰ ਆਪਣੀਆਂ ਦੁਕਾਨਾਂ ਜਾਂ ਅਦਾਰਿਆਂ ਦੇ ਬਾਹਰ ਜੀਐਸਟੀ ਨੰਬਰ ਲਿਖਾਉਣਾ ਲਾਜ਼ਮੀ ਹੈ ਤਾਂ ਜੋ ਵਿਭਾਗ ਦੀ ਟੀਮ ਨੂੰ ਪਤਾ ਲੱਗ ਸਕੇ। ਈਟੀਓ ਨਿਤਿਨ ਗੋਇਲ ਨੇ ਕਿਹਾ ਕਿ ਕਿਸੇ ਵੀ ਵਪਾਰੀ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਜੀਐਸਟੀ ਰਜਿਸਟ੍ਰੇਸ਼ਨ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਜਾਵੇਗੀ। ਜਿਨ੍ਹਾਂ ਕਾਰੋਬਾਰੀਆਂ ਦਾ ਸਾਲਾਨਾ ਟਰਨਓਵਰ 40 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਲਈ ਜੀਐਸਟੀ ਨੰਬਰ ਲੈਣਾ ਲਾਜ਼ਮੀ ਹੈ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਰੋਬਾਰੀਆਂ ਲਈ ਜੇ ਉਨ੍ਹਾਂ ਦਾ ਟਰਨਓਵਰ 20 ਲੱਖ ਰੁਪਏ ਤੋਂ ਵੱਧ ਹੈ ਤਾਂ ਉਨ੍ਹਾਂ ਲਈ ਜੀਐਸਟੀ ਨੰਬਰ ਲੈਣਾ ਲਾਜ਼ਮੀ ਹੈ। ਇਹੀ ਵਿਭਾਗ ਦੀ ਇਸ ਮੁਹਿੰਮ ਦਾ ਉਦੇਸ਼ ਹੈ। ਉਨ੍ਹਾਂ ਵਪਾਰ ਮੰਡਲ ਦੇ ਅਹੁਦੇਦਾਰਾਂ ਪਾਸੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਮਹਿਕਮੇ ਦਾ ਕਿਸੇ ਵੀ ਵਪਾਰੀ ਨੂੰ ਤੰਗ ਪ੍ਰੇਸਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ।