ਬਠਿੰਡਾ: ਬੀਤੇ ਦਿਨ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਦਿਖ ਰਿਹਾ ਸੀ ਕਿ ਇਕ ਗ੍ਰੰਥੀ ਸਿੰਘ ਅਰਦਾਸ ਕਰ ਰਿਹਾ ਹੈ ਪਰ ਉਸ ਨੇ ਆਪਣੇ ਵੱਲੋਂ ਹੀ ਅਰਦਾਸ ਵਿਚ ਹੋਰ ਪੰਕਤੀਆਂ ਜੋੜ ਲਈਆਂ ਗਈਆਂ ਸਨ। ਹੁਣ ਐਸਐਸਪੀ ਬਠਿੰਡਾ ਦੇ ਹੁਕਮਾਂ ਤਹਿਤ ਥਾਣਾ ਸਦਰ ਬਠਿੰਡਾ ਵਿੱਚ ਅਰਦਾਸ ਕਰਨ ਵਾਲੇ ਪਾਠੀ ਗੁਰਮੇਲ ਸਿੰਘ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਆਈਪੀਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇੱਥੋਂ ਦੇ ਬੀੜ ਤਲਾਬ ਗੁਰੂ ਘਰ ਵਿੱਚ ਇਤਰਾਜ਼ਯੋਗ ਪੰਗਤੀਆਂ ਜੋੜ ਕੇ ਅਰਦਾਸ ਕਰਨ ਵਾਲੇ ਗ੍ਰੰਥੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦਰਅਸਲ ਨਿਹੰਗ ਸਿੰਘ ਦੇ ਬਾਣੇ ਚ ਅਰਦਾਸ ਕਰ ਰਹੇ ਵਿਅਕਤੀ ਵੱਲੋਂ ਡੇਰਾ ਸਿਰਸਾ ਦੇ ਮੁਖੀ ਦੀ ਜੇਲ੍ਹ 'ਚੋਂ ਰਿਹਾਈ, ਦਲਿਤਾਂ ਦਾ ਮੁੱਖ ਮੰਤਰੀ ਬਣਾਉਣ ਤੇ ਦਲਿਤਾਂ 'ਤੇ ਹੁੰਦੇ 'ਅੱਤਿਆਚਾਰ', ਪ੍ਰਧਾਨ ਮੰਤਰੀ ਦਾ ਦਲਿਤ ਮੁੱਖ ਮੰਤਰੀ ਬਣਾਉਣ ਦਾ 'ਸੁਪਨਾ' ਪੂਰਾ ਕਰਨ ਬਾਰੇ ਅਰਦਾਸ ਕੀਤੀ ਗਈ। ਅਰਦਾਸ ਵਿਚ ਅਕਾਲੀ ਦਲ ਦੀ ਕਾਰਗੁਜ਼ਾਰੀ 'ਤੇ ਉਂਗਲ ਚੁੱਕਦਿਆਂ ਕਈ ਗੱਲਾਂ ਕਹੀਆਂ ਗਈਆਂ ਤੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਗਈ।
ਜਾਣਕਾਰੀ ਅਨੁਸਾਰ ਅਰਦਾਸ ਵਿਚ ਗ੍ਰੰਥੀ ਸਿੰਘ ਕਹਿ ਰਿਹਾ ਹੈ ਕਿ 'ਸੱਚੇ ਪਾਤਸ਼ਾਹ! ਸਾਡੇ ਨਾਲ ਇੱਕ ਭੇਦ-ਭਾਵ ਹੋ ਰਿਹੈ ਮਹਾਰਾਜ। ਜਿਨ੍ਹਾਂ ਨੇ ਆਪ ਜੀ ਦੇ ਸਰੂਪ ਗਲੀਆਂ ਵਿੱਚ ਖਿਲਾਰੇ, ਉਨ੍ਹਾਂ ਨੂੰ ਆਪ ਜੀ ਨੇ ਰਾਜ ਗੱਦੀਆਂ ਬਖ਼ਸ਼ੀਆਂ।