ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਸਰਕਾਰ ਦੁਆਰਾ ਗਠਿਤ ਗੰਨਾ ਵਿਕਾਸ ਕਮੇਟੀ ਦੀ ਮੀਟਿੰਗ ਡਾ.ਐਸ.ਐਸ ਗੋਸਲ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪ੍ਰਧਾਨਗੀ ਹੇਠ ਪੀ.ਏ.ਯੂ ਕੈਂਪ ਆਫਿਸ ਸੈਕਟਰ-70, ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਕਲ੍ਹ ਹੋਈ।
ਇਸ ਮੀਟਿੰਗ ਵਿੱਚ ਕਿਸਾਨ ਨੁਮਾਇੰਦੇ ਸ. ਸਤਨਾਮ ਸਿੰਘ ਸ਼ਾਹਨੀ, ਸ. ਜੰਗਵੀਰ ਸਿੰਘ ਚੌਹਾਨ, ਸ. ਗੁਰਨਾਮ ਸਿੰਘ ਅਤੇ ਸ. ਗੁਰਪਤਾਪ ਸਿੰਘ ਤੋਂ ਇਲਾਵਾ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਤੇ ਮਿੱਲ ਨੁਮਾਇੰਦਿਆਂ ਨੇ ਵੀ ਭਾਗ ਲਿਆ।
ਮੀਟਿੰਗ ਦੌਰਾਨ ਗੰਨੇ ਦੇ ਮੁੱਲ ਬਾਰੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਗੰਨੇ ਦੀ ਲਾਗਤ ਮੁੱਲ ਅਗਲੇ ਸਾਲ ਲਈ ਗੰਨੇ ਦੀ ਕਾਸ਼ਤ ਕਰਨ ਤੇ ਆਉਂਦੇ ਲਾਗਤ ਮੁੱਲ ਦੇ ਵੇਰਵੇ ਸਾਂਝੇ ਕੀਤੇ, ਜਿਸ ਸਬੰਧੀ ਕਿਸਾਨ ਮੈਂਬਰਾਂ ਵੱਲੋਂ ਵੀ ਆਪਣਾ ਪੱਖ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਮਿੱਲ ਵਾਈਜ਼ ਗੰਨੇ ਦੀਆਂ ਕਿਸਮਾਂ ਦਾ ਪ੍ਰੋਫਾਈਲ ਨਿਰਧਾਰਿਤ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਤਾਂ ਜੋ ਇਲਾਕੇ ਦੇ ਹਿਸਾਬ ਨਾਲ ਗੰਨੇ ਦੇ ਝਾੜ ਦੇ ਨਾਲ-ਨਾਲ ਚੰਗੀ ਖੰਡ ਰਿਕਵਰੀ ਵੀ ਪ੍ਰਾਪਤ ਕੀਤੀ ਜਾ ਸਕੇ। ਕਮੇਟੀ ਵੱਲੋ ਖੰਡ ਮਿੱਲਾਂ ਨੂੰ ਬਾਇਓ ਕੰਟਰੋਲ ਵਿਧੀ ਤੇ ਵਧੇਰੇ ਕੰਮ ਕਰਨ ਅਤੇ ਇਸ ਵਿਧੀ ਰਾਹੀ ਕੀਟ ਪ੍ਰਬੰਧਨ ਨੂੰ ਪ੍ਰਚਲਿਤ ਕਰਨ ਤੇ ਜ਼ੋਰ ਦਿੱਤਾ ਗਿਆ ਤਾਂ ਜੋ ਕਾਸ਼ਤ ਦੇ ਖਰਚੇ ਘਟਾਉਣ ਦੇ ਨਾਲ-ਨਾਲ ਵਾਤਾਵਰਨ ਪੱਖੀ ਤਕਨੀਕਾਂ ਨੂੰ ਵੀ ਉਤਸ਼ਾਤਿਹ ਕੀਤਾ ਜਾ ਸਕੇ।
ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਗੰਨੇ ਦੀ ਫਸਲ ਦੇ ਸਹੀ ਝਾੜ ਅਤੇ ਖੰਡ ਦੀ ਰਿਕਵਰੀ ਲਈ ਗੰਨੇ ਦੀ ਫਸਲ ਦਾ ਕਾਸ਼ਤ ਪ੍ਰਬੰਧਨ, ਕੀਟ ਪ੍ਰਬੰਧਨ, ਫਸਲ ਦੀ ਸਹੀ ਸਮੇਂ ਤੇ ਬਿਜਾਈ/ਕਟਾਈ ਆਦਿ ਬਹੁਤ ਜ਼ਰੂਰੀ ਹੈ। ਕਮੇਟੀ ਵੱਲੋ ਗੰਨੇ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤ ਸਰਕਾਰ ਵੱਲੋ ਨਾਰਥ ਵੈਸਟ ਜੋਨ ਲਈ ਸਿਫਾਰਸ਼ ਕਿਸਮਾਂ ਦੀ ਬਿਜਾਈ ਕਰਨ ਤੇ ਜ਼ੋਰ ਦਿੱਤਾ ਗਿਆ। ਸਮੇਂ ਦੇ ਨਾਲ ਲੇਬਰ ਦੀ ਘਾਟ ਆਉਣ ਕਰਕੇ ਗੰਨੇ ਦੀ ਕਟਾਈ ਲਈ ਕੇਨ ਹਾਰਵੇਸਟਰ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਸਬੰਧੀ ਅਤੇ ਕੇਨ ਹਾਰਵੇਸਟਰ ਦੁਆਰਾ ਕਟਾਈ ਕੀਤੇ ਗੰਨੇ ਲਈ ਕੈਲੰਡਰ ਤਿਆਰ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਕਮੇਟੀ ਮੈਬਰਾਂ ਵੱਲੋਂ ਦੱਸਿਆ ਗਿਆ ਕਿ ਗੰਨੇ ਦੀ ਫਸਲ ਦੇ ਵਿਕਾਸ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਚੰਗੇ ਮਾਹੌਲ ਵਿੱਚ ਵਿਚਾਰ-ਵਟਾਂਦਰਾ ਹੋਇਆ।