ਖੁਸਰੇ ਵੀ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ! ਪੰਜਾਬ ਵਿੱਚ ਜਾਕੇ ਮੁੰਡੇ ਦਾ ਵਿਆਹ ਕੀਤਾ, ਸਾਰੇ ਕੰਮ ਕਾਜ, ਰੀਤੀ ਰਿਵਾਜ ਨਿਭਾਕੇ ਸੋਚਿਆ ਚਲੋ ਅੱਜ ਆਰਾਮ ਦੀ ਨੀਂਦ ਸੌਵਾਗੇ! ਕਾਫ਼ੀ ਥੱਕੇ ਟੁੱਟੇ ਹੋਏ ਸੀ ਤੇ ਜਲਦੀ ਹੀ ਗੂੜ੍ਹੀ ਨੀਂਦ ਸੌਂ ਗਏ! ਕੋਈ ਤੜਕੇ ਦੇ 5 ਕੁ ਵਜੇ ਡਮਰੂ ਢੋਲਕ ਵੱਜਣ ਲੱਗ ਪਿਆ ਤੇ ਨਾਲ ਹੀ ਗੇਟ ਨੂੰ ਜ਼ੋਰ ਜ਼ੋਰ ਦੀ ਧੱਕੇ ਵੱਜਣ ਲੱਗ ਪਏ ਮੈਂ ਸੋਚਿਆ ਪਈ ਕੰਮ ਕਾਰ ਵਾਲੇ ਕਰਿੰਦੇ ਹੋਣਗੇ ਪਰ ਨਹੀਂ ਗੇਟ ਦੀਆਂ ਝੀਤਾਂ ਥਾਣੀ ਦੇਖਿਆ ਕਿ12-13 ਮਰਾਸੀ ਮਰਾਸਣਾਂ ਤੇ ਕਾਫੀ ਸਾਰੇ ਭੰਡ ਵਧਾਈਆਂ ਮੰਗਣ ਡਹੇ ਹੋਏ ਸਨ! ਮੈਂ ਖਿਝ ਗਿਆ ਪਈ ਥੋੜ੍ਹਾ ਜਿਹਾ ਸਬਰ ਕਰ ਲੈਂਦੇ, ਸੌਂ ਲੈਣ ਦਿੰਦੇ, ਮੈਂ ਗੇਟ ਨਾ ਖੋਲ੍ਹਿਆ! ਬਾਹਰ ਲੱਗੇ ਬਕਵਾਸ ਕਰਨ, ਉਏ ਅਮਰਜੀਤ ਸਿੰਹਾਂ ਨਿੱਕਲ ਬਾਹਰ ਦੇਹ ਸਾਡੀ ਵਧਾਈ ਜਿਵੇਂ ਮੈਂ ਉਹਨਾਂ ਦਾ ਕਰਜ਼ਾ ਦੇਣਾ ਹੋਵੇ! ਖੈਰ ਆਪਣੀਆਂ ਰਿਸ਼ਤੇਦਾਰ ਜ਼ਨਾਨੀਆਂ ਵਿੱਚ ਪਾ ਪੁਆਕੇ ਉਹਨਾਂ ਨੂੰ ਤੋਰਿਆ, ਸੂਟਾਂ ਦੇ ਨਾਲ ਗਿਆਰਾਂ ਸੌ ਇੱਕੀ ਸੌ ਦੇ ਦੁਆਕੇ ਦਫ਼ਾ ਕੀਤਾ, ਸਾਰਾ ਦਿਨ ਇਹੋ ਕੰਮ ਚੱਲਦਾ ਰਿਹਾ! ਮੈਂ ਸੋਚਿਆ ਚਲੋ ਕੰਮ ਨਿਬੇੜਿਆ ਪਰ ਨਹੀਂ ਪੰਜ ਕੁ ਵਜੇ ਫਿਰ ਢੋਲਕੀ ਵੱਜਣ ਲੱਗ ਪਈ ਤੇ ਹੋਣ ਲੱਗ ਪਈ ਹਾਇ ਹਾਏ ਮੁੰਡੇ ਦੀਏ ਮਾਏਂ ਤੇ ਮੁੰਡੇ ਦੇ ਪਿਓ ਦਿਓ ਵਧਾਈਆਂ! ਮੈਂ ਸੋਚਿਆ ਕਿ ਹੋਰ ਆਫ਼ਤ ਆ ਗਈ! ਕੁਦਰਤੀ ਨੂੰਹ ਪੁੱਤਰ ਨੂੰ ਅਸੀਂ ਹਨੀਮੂਨ ਲਈ ਦੁਬਈ ਭੇਜ ਦਿੱਤਾ ਸੀ! ਮੈਂ ਕਿਹਾ ਖੁਸਰਾ ਜੀ ਮੁੰਡਾ ਕੁੜੀ ਹਨੀਮੂਨ ਤੇ ਗਏ ਨੇ ਤੇ ਦੋ ਹਫ਼ਤਿਆਂ ਬਾਅਦ ਮੁੜ ਆਉਣਗੇ ਹੁਣ 11 ਸੌ ਲੈ ਜਾਓ ਤੇ ਉਹਨਾਂ ਦੇ ਆਇਆਂ ਤੇ ਵਧਾਈਆਂ ਲੈ ਜਾਇਓ ਖ਼ੈਰ ਮੰਨ ਗਏ ਤੇ ਮੇਰਾ ਫੋਨ ਨੰਬਰ ਤੇ ਆਉਣ ਦਾ ਸਮਾਂ ਤੇ ਦਿਨ ਮੁਕੱਰਰ ਕਰਕੇ ਚਲੇ ਗਏ ਤੇ ਨਾਲੇ ਕਹਿੰਦੇ ਕਿ ਪੂਰਾ ਸਵਾ ਲੱਖ ਲੈ ਕੇ ਜਾਣਾ ਮੈਂ ਸੋਚਿਆ ਉਦੋਂ ਤੱਕ ਅਸੀਂ ਅਮਰੀਕਾ ਚਲੇ ਜਾਣਾ ਚਲੋ ਜਾਨ ਛੁੱਟੀ! ਪਰ ਕਹਿੰਦੇ ਨੇ ਬੱਕਰੇ ਦੀ ਮਾਂ ਨੇ ਕਦੋਂ ਤੱਕ ਖ਼ੈਰ ਮਨਾਉਣੀ! ਖੁਸਰੇ ਨੂੰ ਮੇਰੇ ਤੇ ਸ਼ੱਕ ਹੋ ਗਿਆ ਤੇ ਉਹ ਹਫ਼ਤੇ ਬਾਅਦ ਹੀ ਵਾਪਸ ਆ ਗਿਆ! ਮੈਂ ਫਿਰ ਬਹਾਨਾ ਲਾਇਆ ਕਿ ਖੁਸਰਾ ਜੀ ਮੈਨੂੰ ਨਹਾ ਧੋ ਤਾਂ ਲੈਣ ਦਿਓ,ਦੋ ਕੁ ਵਜੇ ਵਾਪਸ ਆ ਜਾਇਓ, ਉਹ ਵਾਅਦਾ ਕਰ ਕੇ ਚਲੇ ਗਏ! ਮੈਂ ਸੋਚਿਆ ਉਦੋਂ ਤੱਕ ਮੈਂ ਤੇ ਮੇਰੀ ਪਤਨੀ ਸਹੁਰੇ ਘਰ ਚਲੇ ਜਾਵਾਂਗੇ ਤੇ ਇਸ ਮੁਸੀਬਤ ਤੋਂ ਬਚ ਜਾਵਾਂਗੇ! ਜਦੋਂ ਮੇਰੀ ਪਤਨੀ
ਨੂੰ ਪਤਾ ਲੱਗਿਆ ਤਾਂ ਉਹ ਮੇਰੇ ਗਲ਼ੇ ਪੈ ਗਈ ਕਹਿੰਦੀ ਇਹ ਤੂੰ ਕੀ ਕੀਤਾ? ਇਹ ਤਾਂ ਬਦਸ਼ਗਨੀ ਹੁੰਦੀ ਆ! ਇਹਨਾਂ ਦੀ ਬਦਅਸੀਸ ਨਹੀਂ ਲੈਣੀ ਚਾਹੀਦੀ! ਇਹ ਤਾਂ ਬੱਚਿਆਂ ਦੀਆਂ ਅਸੀਸਾਂ ਦੇਕੇ ਜਾਂਦੇ ਨੇ ਹੋਵੇ ਨਾ ਹੋਵੇ ਉਹਨਾਂ ਨੂੰ ਵਾਪਸ ਬੁਲਾ! ਮੈ ਬੜਾ ਸਮਝਾਇਆ ਪਈ ਭਲੀਏ ਲੋਕੇ ਤੂੰ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਨਾ ਕਰ! ਇਹਨਾਂ ਵਹਿਮਾਂ ਭਰਮਾਂ ਵਿੱਚੋਂ ਹੀ ਸਾਨੂੰ ਸਾਡੇ ਗੁਰੂਆਂ ਨੇ ਕੱਢਿਆ ਸੀ ਤੇ ਤੂੰ ਇਹਨਾਂ ਵਿੱਚ ਹੀ ਫਸੀ ਹੋਈ ਏਂ ਮੈਂ ਸਮਝਾਇਆ ਕਿ ਬਾਹਰਲੇ ਮੁਲਕਾਂ ਵਿੱਚ ਕਿਹੜੇ ਖੁਸਰੇ ਅਸੀਸਾਂ ਦਿੰਦੇ ਨੇ ਤੇ ਲੋਕਾਂ ਦੇ ਔਲਾਦਾਂ ਹੁੰਦੀਆਂ ਨੇ ਪਰ ਉਹਨੇ ਮੇਰੀ ਇੱਕ ਨਾ ਮੰਨੀ ਤੇ ਰੋਣ ਧੋਣ ਬਹਿ ਗਈ ! ਭਰਾਵੋ ਮੈਂ ਫਿਰ ਖੁਸਰੇ ਨੂੰ ਫੋਨ ਕੀਤਾ ਕਿ ਮਾਣਯੋਗ ਖੁਸਰਾ ਜੀ ਆ ਜਾਓ ਤੇ ਵਧਾਈਆਂ ਲੈ ਲਓ ਪਰ ਜਿਦ ਨਾ ਕਰਿਓ ਜੋ ਬਣਦਾ ਸਰਦਾ ਹੋਊ ਸਿਰ ਮੱਥੇ ਕਬੂਲ ਕਰਿਓ! ਅੱਗੋਂ ਕਹਿੰਦਾ ਜੀ ਸਤਿ ਬਚਨ! ਆਕੇ 20 ਕੁ ਮਿੰਟ ਢੋਲਕੀ ਵਜਾਈ ਹਾਇ ਹਾਇ ਕਰਕੇ ਤਾੜੀਆਂ ਮਾਰਦਾ ਰਿਹਾ ਸਾਰਾ ਆਂਢ ਗੁਆਂਢ ਕੱਠਾ ਹੋ ਗਿਆ ਸਾਰਿਆਂ ਕਿਸੇ ਨੇ ਸੌ ਦੀ, ਕਿਸੇ ਨੇ ਪੰਜ ਸੌ ਦੀ ਵੇਲ ਕਰਾਈ ਕੋਈ ਪੰਜ ਕੁ ਹਜ਼ਾਰ ਕੱਠਾ ਹੋ ਗਿਆ! ਕਹਿੰਦਾ ਜੀ ਦਿਓ ਵਧੀਆ ਸੂਟ ਤੇ ਕੰਨਾਂ ਨੂੰ ਵਾਲੀਆਂ ਤੇ ਸਵਾ ਲੱਖ ਰੁਪੱਈਆ ! ਮੇਰੇ ਗਈ ਖਾਨਿਓਂ ਕਿ ਇਹ ਕੀ ਬਣਿਆ? ਮੈਂ ਬਥੇਰਾ ਤਰਲਾ ਪਾਇਆ ਪਈ ਖੁਸਰਾ ਜੀ ਤੁਸੀਂ ਧੀ ਵਿਆਹੁਣੀ ਨਹੀਂ ਨੂੰਹ ਲਿਆਉਣੀ ਨਹੀਂ ਇੰਨੇ ਪੈਸੇ ਕੀ ਕਰਨੇ ਨੇ,ਕੁਝ ਰਹਿਮ ਕਰੋ ਘੱਟ ਕਰੋ! ਕਹਿੰਦਾ ਜੀ ਮੈਂ ਮੂੰਹ ਦੇਖ ਕੇ ਚਪੇੜ ਮਾਰਦਾ ਹਾਂ ਬਾਹਰੋਂ ਆਏ ਹੋ ਕੱਢੋ ਵਧਾਈ ਤੇ ਸਾਨੂੰ ਤੋਰੋ ਅਜੇ ਮੈਂ ਪੰਜ ਹੋਰ ਥਾਈਂ ਜਾਣਾ ਹੈ! ਸਾਰਿਆਂ ਤਰਲੇ ਮਿੰਨਤਾਂ ਕਰਕੇ 11000 ਹਜ਼ਾਰ ਦਿੱਤੇ ਤੇ ਉਹਨੇ ਇਹ ਕਹਿਕੇ ਮੋੜ ਦਿਤੇ ਕਿ ਮੈਂ ਵਧਾਈ ਛੱਡ ਕੇ ਚਲੇ ਜਾਵਾਂਗਾ ਜਿੰਨਾ ਕੁ ਬੁੜੀਆਂ ਡਰਨ ਉਨੇ ਕੁ ਹੀ ਉਹ ਡਰਾਵੇ ਮਾਰੀ ਜਾਵੇ! ਮੇਰਾ ਦਿਲ ਕਰੇ ਕਿ ਇਹਦੇ ਰੱਜਕੇ ਛਿੱਤਰ ਫੇਰਾਂ ਤੇ ਧੱਕੇ ਮਾਰਕੇ ਪਿੰਡੋਂ ਬਾਹਰ ਕੱਢ ਦਿਆਂ! ਖੁਸਰਾ ਮੈਨੂੰ ਆਪਣੀ ਕਾਪੀ ਦਿਖਾਈ ਜਾਵੇ ਪਈ ਫਲਾਣੇ ਲੰਬੜਦਾਰ ਕੋਲੋਂ 51000 ਲਏ ਮੈਂ ਅੱਕ ਕੇ ਮੁੰਡੇ ਨੂੰ ਕਿਹਾ ਕਿ ਜਾਹ ਸਰਪੰਚ ਨੂੰ ਵਾਜ ਮਾਰ ਕੇ ਲਿਆ ਤੇ ਇਹਨਾਂ ਦੀ ਵਧਾਈ ਦੀ ਇੱਕ ਰਕਮ ਮੁਕੱਰਰ ਕੀਤੀ ਜਾਵੇ! ਖੁਸਰੇ ਨੇ ਕਾਪੀ ਕੱਢੀ ਤੇ ਕਹਿੰਦਾ ਜੀ ਆਹ ਦੇਖੋ ਸਰਪੰਚ ਤੋਂ ਪੋਤੇ ਦੀ ਵਧਾਈ 31000
ਹਜ਼ਾਰ ਲਈ ਮੈਂ ਸੋਚਿਆ ਇਥੇ ਤਾਂ ਆਵਾ ਹੀ ਊਤਿਆ ਪਿਆ ਇਸ ਮੁਲਕ ਦਾ ਕੋਈ ਸੁਧਾਰ ਨਹੀਂ ਹੋ ਸਕਦਾ! ਮੈਂ ਖੁਸਰੇ ਨੂੰ ਕਿਹਾ ਕਿ ਮੇਰੇ ਮਾਈ ਬਾਪ,ਮੈਥੋਂ ਵੀ 31000 ਲੈਕੇ ਖਹਿੜਾ ਛੱਡ ਮੇਰੀ ਘੜੀ ਵੀ ਲਾਹ ਲਈ ਤੇ ਇੱਕ ਬਾਹਰਲੀ ਪਰਫਿਊਂਮ ਲੈਕੇ ਖਹਿੜਾ ਛੱਡਿਆ! ਮੈਂ ਪੰਜਾਬ ਦੇ ਲੋਕਾਂ ਤੇ ਪੰਚਾਂ ਸਰਪੰਚਾਂ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਸਮਾਜ ਨੂੰ ਇਹੋ ਜਿਹੇ ਝੂਠੇ ਰੀਤੀ ਰਿਵਾਜਾਂ ਤੋਂ ਬਚਾਇਆ ਜਾਵੇ, ਇਹੋ ਜਿਹੇ ਲੋਕ ਸਾਡੇ ਸਮਾਜ ਤੇ ਕਲੰਕ ਹਨ ਇਹ ਇੱਕ ਕਿਸਮ ਦਾ ਕੋਹੜ ਹੈ ਸਾਡੇ ਸਮਾਜ ਉੱਤੇ! ਕੋਈ ਤਾਂ ਸਰਦਾ ਹੈ ਪਰ ਉਹ ਗਰੀਬ ਕੀ ਕਰੂ ਜਿਹਨੇ ਕਰਜ਼ਾ ਚੁੱਕ ਕੇ ਵਿਆਹ ਕੀਤਾ ਹੈ ਪੰਚਾਇਤਾਂ ਨੂੰ ਇਹਨਾਂ ਲਾਗੀਆਂ ਜੋਗੀਆਂ ਦੇ ਲਾਗ ਨਿਸ਼ਚਿਤ ਕਰਨੇ ਚਾਹੀਦੇ ਹਨ ਜੋ ਵੀ ਚੋਰੀ ਛਿਪੇ ਇਨ੍ਹਾਂ ਨੂੰ ਨਿਸ਼ਚਿਤ ਰਕਮ ਤੋਂ ਜ਼ਿਆਦਾ ਦੇਵੇ ਉਹਨੂੰ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ !
ਧੰਨਵਾਦ
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+17169083631