Saturday, February 01, 2025

Health

ਡਾ. ਬਲਬੀਰ ਸਿੰਘ ਵੱਲੋਂ ਰਾਜਿੰਦਰਾ ਹਸਪਤਾਲ 'ਚ ਬਿਜਲੀ ਬੰਦ ਹੋਣ ਦੀ ਜਾਂਚ ਦੇ ਆਦੇਸ਼

January 25, 2025 04:40 PM
SehajTimes
ਸਖ਼ਤ ਕੀਤੀ ਹਦਾਇਤ ਯੂ.ਪੀ.ਐਸ, ਜੈਨਰੇਟਰ ਸੈਟ ਤੇ ਬਿਜਲੀ ਲਾਈਨ ਬਦਲਣ ਦੇ ਪ੍ਰਬੰਧਾਂ 'ਚ ਕੋਈ ਕਮੀ ਨਾ ਰਹੇ, ਆਰ.ਐਮ.ਯੂ ਵੀ ਤੁਰੰਤ ਲਗਾਇਆ ਜਾਵੇ
 
ਡਾ. ਬਲਬੀਰ ਸਿੰਘ ਨੇ ਮਰੀਜ ਨੂੰ ਮਿਲਕੇ ਜਾਣਿਆ ਹਾਲ-ਚਾਲ, ਮਹਿਲਾ ਮਰੀਜ ਦੇ ਇਲਾਜ 'ਤੇ ਸੰਤੁਸ਼ਟੀ ਜਤਾਈ
 
ਕਿਹਾ, ਡਾਕਟਰ ਮਰੀਜਾਂ ਦੇ ਇਲਾਜ ਸਮੇਂ ਸ਼ਾਂਤ ਰਹਿਕੇ ਸਹਿਣਸ਼ੀਲਤਾ ਤੇ ਧੀਰਜ ਤੋਂ ਕੰਮ ਲੈਣ
 
ਬਿਜਲੀ ਬੰਦ ਹੋਣ 'ਤੇ ਵੀ ਮਰੀਜ ਦਾ ਉਪਰੇਸ਼ਨ ਕਰਦੇ ਰਹੇ ਡਾਕਟਰਾਂ ਦੀ ਪ੍ਰਸ਼ੰਸਾ ਪਰ ਮਰੀਜ ਨੂੰ ਛੱਡਕੇ ਕੁਝ ਹੋਰ ਕਰਨ ਵਾਲੇ ਦੀ ਨਿਖੇਧੀ
 
ਰਾਜਿੰਦਰਾ ਹਸਪਤਾਲ ਨੂੰ ਪੀ.ਜੀ.ਆਈ. ਦੀ ਤਰਜ 'ਤੇ ਪੋਸਟ ਗ੍ਰੈਜੂਏਟ ਟ੍ਰੇਨਿੰਗ ਇੰਸਟੀਚਿਊਟ ਵਜੋਂ ਕੀਤਾ ਜਾ ਰਿਹਾ ਹੈ ਵਿਕਸਿਤ-ਡਾ. ਬਲਬੀਰ ਸਿੰਘ
 
ਪਟਿਆਲਾ : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਲੰਘੇ ਦਿਨ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਉਪਰੇਸ਼ਨ ਥੀਏਟਰ 'ਚ ਅਚਾਨਕ ਬਿਜਲੀ ਬੰਦ ਹੋਣ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਡਾ. ਬਲਬੀਰ ਸਿੰਘ ਨੇ ਅੱਜ ਰਾਜਿੰਦਰਾ ਹਸਪਤਾਲ ਦੇ ਬਿਜਲੀ 66 ਕੇ.ਵੀ. ਸਬ ਸਟੇਸ਼ਨ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮਗਰੋਂ ਉਨ੍ਹਾਂ ਨੇ ਬਿਜਲੀ ਨਿਗਮ ਦੇ ਡਾਇਰੈਕਟਰ ਵੰਡ, ਚੀਫ਼ ਇੰਜੀਨੀਅਰ ਸਮੇਤ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਦੇ ਚੀਫ਼ ਇੰਜੀਨੀਅਰ ਤੇ ਹੋਰ ਇੰਜੀਨੀਅਰਾਂ ਨਾਲ ਹੰਗਾਮੀ ਬੈਠਕ ਕਰਕੇ ਸਾਰੇ ਪੱਖਾਂ ਨੂੰ ਗਹੁ ਨਾਲ ਵਾਚਿਆ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਿਸੇ ਦੀ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੁਝ ਸਮਾਂ ਬਿਜਲੀ ਜਾਣ ਦੀ ਡੁੰਘਾਈ ਨਾਲ ਜਾਂਚ ਕਾਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਸਮੇਤ ਲੋਕ ਨਿਰਮਾਣ ਦੇ ਬਿਜਲੀ ਵਿੰਗ ਦੇ ਹਸਪਤਾਲ ਦੀ ਸਪਲਾਈ ਲਈ ਪ੍ਰਬੰਧਾਂ ਦਾ ਆਡਿਟ ਕੀਤਾ ਜਾ ਰਿਹਾ ਹੈ ਤੇ ਕਿਸੇ ਦੀ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਖ਼ਤ ਹਦਾਇਤ ਕੀਤੀ ਕਿ ਯੂ.ਪੀ.ਐਸ, ਜੈਨਰੇਟਰ ਸੈਟ ਤੇ ਬਿਜਲੀ ਲਾਈਨ ਬਦਲਣ ਦੇ ਪ੍ਰਬੰਧਾਂ 'ਚ ਕੋਈ ਕਮੀ ਨਾ ਰਹੇ, ਆਰ.ਐਮ.ਯੂ ਵੀ ਤੁਰੰਤ ਲਗਾਇਆ ਜਾਵੇ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਸਪੱਸ਼ਟ ਆਦੇਸ਼ ਹਨ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਨੂੰ ਕਾਰਪੋਰੇਟ ਹਸਪਤਾਲਾਂ ਤੋਂ ਬਿਹਤਰ ਵਿਕਸਤ ਕਰਦੇ ਹੋਏ ਪੀ.ਜੀ.ਆਈ. ਦੀ ਤਰਜ 'ਤੇ ਪੋਸਟ ਗ੍ਰੈਜੂਏਟ ਟ੍ਰੇਨਿੰਗ ਇੰਸਟੀਚਿਊਟ ਬਣਾਇਆ ਜਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਜੁਲਾਈ ਮਹੀਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਰਜਿੰਦਰਾ ਹਸਪਤਾਲ ਵਿਖੇ ਬਿਜਲੀ ਦੀ ਨਿਰਵਿਘਨ ਸਪਲਾਈ ਲਈ 25 ਲੱਖ ਰੁਪਏ ਦੀ ਲਾਗਤ ਨਾਲ 11 ਕੇ.ਵੀ. ਦੀ ਇੱਕ ਹੋਰ ਵਾਧੂ ਲਾਈਨ ਚਾਲੂ ਕਰਵਾਈ ਸੀ। ਇਸ ਤੋਂ ਬਿਨ੍ਹਾਂ ਸ਼ਕਤੀ ਵਿਹਾਰ ਤੋਂ 11 ਕੇ.ਵੀ. ਫੀਡਰ ਤੀਜਾ ਸੋਰਸ ਹਸਪਤਾਲ ਦੇ ਖ਼ਰਚੇ ਉਤੇ ਚਲਾਉਣ ਤੇ ਪਸਿਆਣਾ ਫੀਡਰ ਤੋਂ ਆਉਣ ਵਾਲੀ ਲਾਇਨ ਉਪਰ ਇੱਕ ਹਫ਼ਤੇ ਦੇ ਅੰਦਰ-ਅੰਦਰ ਆਰ.ਐਮ.ਯੂ. (ਰਿੰਗ ਮੇਨ ਯੂਨਿਟ) ਲਗਾਉਣ ਲਈ ਵੀ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਨੂੰ ਆਦੇਸ਼ ਦਿੱਤੇ ਗਏ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਬਿਜਲੀ ਪ੍ਰਬੰਧਾਂ ਸਮੇਤ ਹਸਪਤਾਲ ਦੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਗਾਤਾਰ ਲਿਆ ਜਾਂਦਾ ਹੈ ਅਤੇ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਯੂ.ਪੀ.ਐਸ. ਦਾ ਅੱਧੇ ਘੰਟੇ ਦਾ ਬੈਕਅਪ ਰਹੇ, ਜੈਨਰੇਟਰ 1 ਤੋਂ 2 ਮਿੰਟ ਵਿੱਚ ਚੱਲ ਜਾਵੇ ਅਤੇ 10 ਮਿੰਟ 'ਚ ਲਾਈਨ ਬਦਲ ਜਾਵੇ ਤਾਂ ਕਿ ਭਵਿੱਖ ਵਿੱਚ ਬਿਜਲੀ ਸਪਲਾਈ ਨਿਰਵਿਘਨ ਜਾਰੀ ਰੱਖਣ 'ਚ ਕੋਈ ਦਿੱਕਤ ਪੇਸ਼ ਨਾ ਆਵੇ।ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਮਾੜੇ ਪ੍ਰਬੰਧਾਂ ਲਈ ਪਿਛਲੇ ਕਈ ਦਹਾਕੇ ਰਾਜ ਕਰਨ ਵਾਲੀਆਂ ਪਿਛਲੀਆਂ ਸਰਕਾਰਾਂ ਜਿੰਮੇਵਾਰ ਹਨ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਰਾਜਿੰਦਰਾ ਹਸਪਤਾਲ ਦੀ ਕਾਇਆਂ ਕਲਪ ਕਰ ਦਿੱਤੀ ਹੈ।
ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਉਪਰੇਸ਼ਨ ਦੌਰਾਨ ਬੀਤੇ ਦਿਨ ਬਿਜਲੀ ਜਾਣ ਦੇ ਬਾਵਜੂਦ ਵੀ ਮਰੀਜ ਦਾ ਇਲਾਜ ਕਰਦੇ ਰਹੇ ਡਾਕਟਰ ਪ੍ਰਸ਼ੰਸਾ ਦੇ ਪਾਤਰ ਹਨ ਪਰੰਤੂ ਜਿਸਨੇ ਘਬਰਾਹਟ 'ਚ ਆ ਕੇ ਸਮਾਂ ਸੰਭਾਲਣ ਦੀ ਥਾਂ ਵੀਡੀਓ ਬਣਾਈ ਅਜਿਹੇ ਡਾਕਟਰ ਦੀ ਪ੍ਰਸ਼ੰਸਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਡਾਕਟਰਾਂ ਨੂੰ ਸਲਾਹ ਦਿੱਤੀ ਕਿ ਉਹ ਮਰੀਜਾਂ ਦੇ ਇਲਾਜ ਦੌਰਾਨ ਸ਼ਾਂਤ ਰਹਿ ਕੇ ਸਹਿਣਸ਼ੀਲਤਾ ਤੇ ਧੀਰਜ ਨਾਲ ਕੰਮ ਕਰਨ।
ਸਿਹਤ ਮੰਤਰੀ ਨੇ ਇਸ ਦੌਰਾਨ ਹਸਪਤਾਲ ਦੀ ਓਨਕੋਲੋਜੀ ਸਰਜਰੀ ਵਾਰਡ 'ਚ ਦਾਖਲ ਬਜੁਰਗ ਮਹਿਲਾ ਮਰੀਜ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਮਰੀਜ ਦੇ ਵਾਰਸਾਂ ਤੇ ਸਰਜਨ ਡਾ. ਅਨੁਭਾ ਨਾਲ ਵੀ ਗੱਲਬਾਤ ਕੀਤੀ ਤੇ ਮਰੀਜ ਦੇ ਇਲਾਜ ਉਪਰ ਸਤੁੰਸ਼ਟੀ ਦਾ ਇਜ਼ਹਾਰ ਕੀਤਾ।
ਇਸ ਦੌਰਾਨ ਮੈਡੀਕਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ, ਡੀ.ਆਰ.ਐਮ.ਈ. ਡਾ. ਅਵਨੀਸ਼ ਕੁਮਾਰ, ਪੀ.ਐਸ.ਪੀ.ਸੀ.ਐਲ ਦੇ ਡਾਇਰੈਕਟਰ ਵੰਡ ਡੀ.ਪੀ.ਐਸ ਗਰੇਵਾਲ, ਚੀਫ਼ ਇੰਜੀਨੀਅਰ ਆਰ.ਕੇ. ਮਿੱਤਲ ਤੇ ਆਰ.ਐਲ. ਮਿੱਤਲ, ਲੋਕ ਨਿਰਮਾਣ ਦੇ ਇਲੈਕਟਰੀਕਲ ਵਿੰਗ ਦੇ ਚੀਫ਼ ਇੰਜੀਨੀਅਰ ਵਿਜੇ ਕੁਮਾਰ ਚੋਪੜਾ, ਨਿਗਰਾਨ ਇੰਜੀਨੀਅਰ ਵਿਕਾਸ ਗੁਪਤਾ, ਕਾਰਜਕਾਰੀ ਇੰਜੀਨੀਅਰ ਪਰਮਜੀਤ ਸਿੰਘ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ ਤੇ ਹੋਰ ਅਧਿਕਾਰੀ ਮੌਜੂਦ ਸਨ।

Have something to say? Post your comment

 

More in Health

ਜ਼ਿਲ੍ਹਾ ਹਸਪਤਾਲ ਦੇ ਡਾਕਟਰ ਪਰਮਿੰਦਰਜੀਤ ਸੰਧੂ ਦਾ ਵਧੀਆ ਸੇਵਾਵਾਂ ਲਈ ਸਨਮਾਨ

ਸਿਵਲ ਸਰਜਨ ਦਫ਼ਤਰ ਵਿਖੇ ਅਧਿਕਾਰੀਆਂ ਕਰਮਚਾਰੀਆਂ ਨੂੰ ਸੜਕ ਸੁਰੱਖਿਆ ਸਹੁੰ ਚੁਕਾਈ ਗਈ 

ਡਾਕਟਰ ਪਰਮਿੰਦਰ ਸਿੰਘ ਵਾਰੀਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਰਥੋਪੈਡਿਕ ਸਰਜਨ ਨਿਯੁਕਤ

ਗਰਭਵਤੀ ਔਰਤਾਂ ਲਈ ਜਣੇਪੇ ਤੋਂ ਪਹਿਲਾਂ ਚਾਰ ਜਾਂਚਾਂ ਕਰਵਾਉਣਾ ਜ਼ਰੂਰੀ : ਡਾ. ਸੰਗੀਤਾ ਜੈਨ

ਜ਼ਿਲ੍ਹਾ ਸਿਹਤ ਵਿਭਾਗ ਲੋਕਾਂ ਦੀ ਚੰਗੀ ਸਿਹਤ ਲਈ ਵਚਨਬੱਧ : ਸਿਵਲ ਸਰਜਨ

ਬਿਨਾਂ ਪ੍ਰਵਾਨਗੀ ਲਗਾਏ ਗਏ ਖੂਨਦਾਨ ਕੈਂਪਾਂ ਵਿਰੁੱਧ ਹੋਵੇਗੀ ਸਖਤ ਕਾਰਵਾਈ : ਸਿਵਲ ਸਰਜਨ

ਬੱਚਿਆਂ ਅੰਦਰ ਨਿਮੋਨੀਆ ਦੀ ਸਮੇਂ ਸਿਰ ਪਛਾਣ ਜ਼ਰੂਰੀ : ਸਿਵਲ ਸਰਜਨ

ਸਰਦੀਆਂ ਵਿੱਚ ਸੀਓਪੀਡੀ ਦਾ ਖਤਰਾ ਜ਼ਿਆਦਾ: ਡਾ. ਤੀਰਥ ਸਿੰਘ

ਮੂੰਹ ਦੇ ਕੈਂਸਰ ਦੀ ਰੋਕਥਾਮ ਲਈ ਕੋਟਪਾ ਐਕਟ ਅਧੀਨ ਚਲਾਨ ਕੱਟਣ ਵਿੱਚ ਲਿਆਂਦੀ ਜਾਵੇ ਤੇਜੀ :ਏ.ਡੀ.ਸੀ. ਗੀਤਿਕਾ ਸਿੰਘ

NHM ਪੰਜਾਬ ਨੇ 8 ਹਜ਼ਾਰ ਕਰਮਚਾਰੀਆਂ ਨੂੰ ਮੈਡੀਕਲ ਬੀਮਾ ਕਵਰ ਪ੍ਰਦਾਨ ਕਰਨ ਲਈ ਇੰਡੀਅਨ ਬੈਂਕ ਨਾਲ ਸਮਝੌਤਾ ਸਹੀਬੱਧ ਕੀਤਾ