ਹੁਸ਼ਿਆਰਪੁਰ : ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਲਈ ਸਿੱਖਿਅਤ ਅਤੇ ਉਤਸ਼ਾਹਿਤ ਕਰਨ ਲਈ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਦੇ ਨਿਰਦੇਸ਼ਾਂ ਅਨੁਸਾਰ ਦਫ਼ਤਰ ਦੇ ਸਾਰੇ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਸੜਕ ਸੁਰੱਖਿਆ ਸੰਬੰਧੀ ਸਹੁੰ ਚੁਕਾਈ ਗਈ। ਇਸ ਮੌਕੇ ਸਿਵਲ ਸਰਜਨ ਨੇ ਸਭ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੰਦੇਸ਼ ਦਿੰਦਿਆਂ ਅਪੀਲ ਕੀਤੀ ਕਿ ਸੜਕ ‘ਤੇ ਜਾਣ ਵਾਲੇ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਐਂਬੂਲੈਂਸ ਨੂੰ ਰਸਤਾ ਦੇਵੇ ਅਤੇ ਸੜਕੀ ਨਿਯਮਾਂ ਦਾ ਪਾਲਣ ਕਰਦੇ ਹੋਏ ਧਿਆਨ ਨਾਲ ਆਪਣਾ ਵਾਹਨ ਚਲਾਵੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸੜਕ ਹਾਦਸੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੁੰਦੇ ਹਨ।ਉਹਨਾਂ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣ, ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹਿਣ ਅਤੇ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਗੀਦਾਰਾਂ ਨੂੰ ਚੰਗਾ ਵਿਵਹਾਰ ਅਤੇ ਚੰਗੀ ਸੋਚ ਰੱਖਣ ਅਤੇ ਸੜਕ ‘ਤੇ ਚੱਲਦੇ ਸਮੇਂ ਹਮੇਸ਼ਾ ਸੁਚੇਤ ਰਹਿਣ ਅਤੇ ਸੜਕ ਹਾਦਸੇ ਵਕਤ ਹਾਦਸਾਗ੍ਰਸਤ ਵਿਅਕਤੀਆਂ ਦੀ ਮਦਦ ਦੀ ਸਲਾਹ ਦਿੱਤੀ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਸਿਵਲ ਸਰਜਨ ਨੇ ਹੋਰ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਫ੍ਰਿਸ਼ਤੇ ਸਕੀਮ ਦੇ ਤਹਿਤ ਰਜਿਸਟਰਡ ਵਿਅਕਤੀ ਨੂੰ ਹਾਦਸਾਗ੍ਰਸਤ ਵਿਅਕਤੀਆਂ ਦੀ ਮਦਦ ਕਰਨ ਤੇ ਪੰਜਾਬ ਸਰਕਾਰ ਵਲੋਂ 2000 ਰੁਪਏ ਦਾ ਨਗਦ ਇਨਾਮ ਤੇ ਪ੍ਰਸੰਸ਼ਾ ਪੱਤਰ ਪ੍ਰਦਾਨ ਕੀਤਾ ਜਾਂਦਾ ਹੈ।