ਪਟਿਆਲਾ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਅਧੀਨ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗਰਾਮੀਣ) ਤਹਿਤ ਭਾਰਤ ਸਰਕਾਰ ਵੱਲੋਂ ਇਸ ਸਕੀਮ ਅਧੀਨ ਨਵੇਂ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਨ ਲਈ ਮੋਬਾਇਲ ਐਪ "ਆਵਾਸ ਪਲਸ 2024" ਨੂੰ ਮਿਤੀ 31 ਮਾਰਚ 2025 ਤੱਕ ਖੋਲ੍ਹਿਆ ਗਿਆ ਹੈ ਜਿਸ ਦੇ ਤਹਿਤ ਇਸ ਐਪ ਉਪਰ ਸਰਵੇ ਰਾਹੀਂ ਯੋਗ ਲਾਭਪਾਤਰੀਆਂ ਦੀਆਂ ਐਂਟਰੀਆਂ ਘਰ-ਘਰ ਜਾ ਕੇ ਕਰਨ ਲਈ ਬਲਾਕ ਪੱਧਰ ਤੋਂ ਹਰ ਪਿੰਡ ਲਈ ਵੱਖੋ-ਵੱਖਰੇ ਸਰਵੇਅਰ ਲਗਾਏ ਗਏ ਹਨ ਤਾਂ ਜੋ ਕਿ ਕੋਈ ਵੀ ਯੋਗ ਲਾਭਪਾਤਰੀ ਇਸ ਸਕੀਮ ਅਧੀਨ ਲਾਭ ਲੈਣ ਤੋਂ ਵਾਂਝਾ ਨਾ ਰਹਿ ਸਕੇ।
ਉਨ੍ਹਾਂ ਦੱਸਿਆ ਕਿ "ਆਵਾਸ ਪਲਸ 2024" ਅਤੇ "ਆਧਾਰ ਫੇਸ ਆਰ.ਡੀ." ਐਪਸ ਜੋ ਪਲੇਅ ਸਟੋਰ ਤੇ ਉਪਲਬਧ ਹਨ। ਸਰਕਾਰ ਵੱਲੋਂ ਇਸ "ਆਵਾਸ ਪਲਸ 2024" ਮੋਬਾਇਲ ਐਪ ਉਪਰ ਸੈੱਲਫ਼ ਸਰਵੇ ਦੀ ਵਿਵਸਥਾ ਵੀ ਕੀਤੀ ਗਈ ਹੈ ਇਸ ਲਈ ਜੇਕਰ ਕੋਈ ਵੀ ਯੋਗ ਲਾਭਪਾਤਰੀ ਆਪਣੇ ਆਪ ਹੀ ਆਪਣੀ ਰਜਿਸਟ੍ਰੇਸ਼ਨ ਇਸ ਮੋਬਾਇਲ ਐਪ ਰਾਹੀਂ ਕਰਨਾ ਚਾਹੁੰਦਾ ਹੈ ਤਾਂ ਉਹ ਪਲੇਅ ਸਟੋਰ ਤੋਂ "ਆਵਾਸ ਪਲਸ 2024" ਅਤੇ ਆਧਾਰ ਫੇਸ ਆਰ.ਡੀ. ਨੂੰ ਆਪਣੇ ਫ਼ੋਨ ਵਿੱਚ ਇੰਸਟਾਲ ਕਰਕੇ ਅਪਣਾ ਸੈੱਲਫ਼ ਸਰਵੇ ਕਰ ਸਕਦਾ ਹੈ।
ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਮਨਦੀਪ ਕੌਰ ਨੇ ਦੱਸਿਆ ਕਿ ਹਰ ਪਿੰਡ ਲਈ ਵੱਖਰੇ ਲਗਾਏ ਗਏ ਸਰਵੇਅਰ ਦੀ ਜਾਣਕਾਰੀ ਲਈ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਨਾਲ ਜਾਂ ਸਬੰਧਤ ਪੰਚਾਇਤ ਦੇ ਮਗਨਰੇਗਾ ਸਕੀਮ ਦੇ ਜੀ.ਆਰ.ਐਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹੇ ਅਧੀਨ ਹੁਣ ਤੱਕ ਲਗਭਗ 18729 ਲਾਭਪਾਤਰੀਆਂ ਦਾ ਐਸਿਸਟਿਡ ਸਰਵੇ ਅਤੇ 143 ਲਾਭਪਾਤਰੀਆਂ ਵੱਲੋਂ ਅਪਣਾ ਸੈੱਲਫ਼ ਸਰਵੇ ਕੀਤਾ ਜਾ ਚੁੱਕਾ ਹੈ। ਇਸ ਮੋਬਾਇਲ ਐਪ ਉਪਰ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੋਣ ਕਰਕੇ ਲਾਭਪਾਤਰੀਆਂ ਪਾਸੋਂ ਕਿਸੇ ਵੀ ਕਿਸਮ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਂਦੀ ਹੈ। ਸੋ ਇਸ ਲਈ ਜ਼ਿਲ੍ਹੇ ਦੇ ਸਮੂਹ ਪਿੰਡਾਂ ਨਾਲ ਸਬੰਧਤ ਯੋਗ/ਲੋੜਵੰਦ ਪਰਿਵਾਰਾਂ ਨੂੰ ਸੂਚਿਤ ਕਰਦੇ ਹੋਏ ਅਪੀਲ ਕੀਤੀ ਜਾਂਦੀ ਹੈ ਕਿ ਇਸ ਸਕੀਮ ਅਧੀਨ ਵੱਧ ਤੋਂ ਲਾਭ ਉਠਾਇਆ ਜਾਵੇ।