ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਹਿੰਦ ਵਿਖੇ 02 ਮਾਰਚ ਨੂੰ ਹੋਏ ਕਤਲ ਵਿੱਚ ਸ਼ਾਮਲ 04 ਕਥਿਤ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਜ਼ਿਲ੍ਹਾ ਪੁਲਿਸ ਮੁਖੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 2-3-2025 ਨੂੰ ਥਾਣਾ ਸਰਹਿੰਦ ਵਿਖੇ ਸੂਚਨਾ ਮਿਲੀ ਸੀ ਕਿ ਹਰਦੀਪ ਸਿੰਘ ਉਰਫ ਦੀਪੀ ਵਾਸੀ ਪਿੰਡ ਮੀਰਪੁਰ ਥਾਣਾ ਸਰਹਿੰਦ ਨੂੰ ਕੁਝ ਵਿਅਕਤੀਆਂ ਨੇ ਕੁੱਟ ਮਾਰ ਕਰਕੇ ਕਤਲ ਕਰ ਦਿੱਤਾ ਹੈ। ਜਿਸ ਤੇ ਕਾਰਵਾਈ ਕਰਦਿਆਂ ਮੁੱਖ ਥਾਣਾ ਅਫਸਰ ਸਰਹਿੰਦ ਇੰਸਪੈਕਟਰ ਸੰਦੀਪ ਸਿੰਘ ਨੇ ਥਾਣਾ ਸਰਹਿੰਦ ਵਿਖੇ ਮੁਕੱਦਮਾ ਨੰਬਰ 24 ਮਿਤੀ 02-03-2025 ਨੂੰ ਧਾਰਾ 103 (1), 324 (4), 191 (3), 190 ਤੇ 61 ਬੀ.ਐਨ.ਐਸ. ਅਧੀਨ ਦਰਜ਼ ਕਰਕੇ ਜਸਵੀਰ ਸਿੰਘ ਉਰਫ ਬੰਟੀ, ਹੁਸ਼ਨਪ੍ਰੀਤ ਸਿੰਘ ਉਰਫ ਹੁਸ਼ਨ ਵਾਸੀ ਪਿੰਡ ਮੀਰਪੁਰ ਸਮੇਤ ਤਿੰਨ ਨਾਮਾਲੂਮ ਵਿਅਕਤੀਆਂ ਬਾਰੇ ਜਾਂਚ ਸ਼ੁਰੂ ਕੀਤੀ ਗਈ ਸੀ।
ਸ਼੍ਰੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸੰਗੀਨ ਅਪਰਾਧਾਂ ਬਾਰੇ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ਼੍ਰੀ ਸੁਖਨਾਜ਼ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ ਵੱਲੋਂ ਤਕਨੀਕੀ ਜਾਂਚ ਦੇ ਆਧਾਰ ਤੇ ਮਿਤੀ 04-03-2025 ਨੂੰ ਉਕਤ ਮੁਕੱਦਮੇ ਦੇ ਕਥਿਤ ਦੋਸ਼ੀਆਂ ਜਸਵੀਰ ਸਿੰਘ ਉਰਫ ਬੰਟੀ ਵਾਸੀ ਮੀਰਪੁਰ, ਸ਼ਿਵ ਸ਼ੰਕਰ ਉਰਫ ਸ਼ੰਕਰ ਵਾਸੀ ਪਿੰਡ ਬਧੌਛੀ ਕਲਾਂ ਥਾਣਾ ਮੂਲੇਪੁਰ ਅਤੇ ਗੁਰਪ੍ਰੀਤ ਸਿੰਘ ਉਰਫ ਕਾਕਾ ਵਾਸੀ ਪਿੰਡ ਜਲਵੇੜਾ ਨੂੰ ਫਲੋਟਿੰਗ ਰੈਸਟੋਰੈਂਟ ਭਾਖੜਾ ਨਹਿਰ ਪਾਸੋਂ ਗ੍ਰਿਫਤਾਰ ਕਰਕੇ ਉਨ੍ਹਾਂ ਵੱਲੋਂ ਕਤਲ ਵਿੱਚ ਵਰਤੇ ਗਏ ਹਥਿਆਰਾਂ ਨੂੰ ਬਰਾਮਦ ਕੀਤਾ ਹੈ। ਉਨ੍ਹਾਂ ਹੋਰ ਦੱਸਿਆ ਕਿ ਮਿਤੀ 5-3-2025 ਨੂੰ ਇਸੇ ਮੁਕੱਦਮੇ ਵਿੱਚ ਕਥਿਤ ਦੋਸ਼ੀ ਕੁਲਜੀਤ ਸਿੰਘ ਉਰਫ ਸਨੀ ਵਾਸੀ ਪਿੰਡ ਅਲੀਪੁਰ ਸੋਢੀਆਂ ਥਾਣਾ ਸਰਹਿੰਦ ਨੂੰ ਸੌਂਢਾ ਹੈਂਡ ਨੇੜੇ ਪਿੰਡ ਮੰਡੌਰ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਕਤਲ ਵਿੱਚ ਬਰਾਮਦ ਕੀਤੇ ਹਥਿਆਰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਜਾਂਚ ਜਾਰੀ ਹੈ। ਕਥਿਤ ਦੋਸ਼ੀ ਹੁਸਨਪ੍ਰੀਤ ਸਿੰਘ ਉਰਫ ਹੁਸਨ ਵਾਸੀ ਪਿੰਡ ਮੀਰਪੁਰ ਦੀ ਗ੍ਰਿਫਤਾਰੀ ਬਾਕੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਪਿੰਡ ਮੀਰਪੁਰ ਵਿਖੇ ਮ੍ਰਿਤਕ ਹਰਦੀਪ ਸਿੰਘ ਉਰਫ ਦੀਪੀ ਦੇ ਪਿਤਾ ਦੀ ਭੂਆ ਮਾਇਆ ਪਤਨੀ ਹਰਜਿੰਦਰ ਸਿੰਘ ਵਾਸੀ ਪਿੰਡ ਖੇੜਾ ਜ਼ਿਲ੍ਹਾ ਪਟਿਆਲਾ ਵਿਖੇ ਇੱਕ ਪਲਾਟ ਹੈ, ਜਿਸ ਕਰਕੇ ਦੋਵੇਂ ਧਿਰਾਂ ਦਾ ਆਪਸ ਵਿੱਚ ਲੜਾਈ ਝਗੜਾ ਹੈ। ਮ੍ਰਿਤਕ ਹਰਦੀਪ ਸਿੰਘ ਅਤੇ ਕਥਿਤ ਦੋਸ਼ੀ ਜਸਵੀਰ ਸਿੰਘ ਬੰਟੀ ਆਪਸ ਵਿੱਚ ਚਾਚਾ ਭਤੀਜਾ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਇੱਕ ਲੋਹੇ ਦੀ ਕੁਹਾੜੀ, ਇੱਕ ਲੋਹੇ ਦੀ ਕਿਰਚ, ਲੋਹੇ ਦਾ ਦਾਤ, ਲੋਹੇ ਦੀ ਕਿਰਪਾਨ, ਸਪਲੈਂਡਰ ਮੋਟਰ ਸਾਇਕਲ ਨੰਬਰ ਪੀ.ਬੀ.-23-ਏ.ਬੀ.2241, ਸਪੈਂਲਡਰ ਮੋਟਰ ਸਾਇਕਲ ਨੰਬਰ ਪੀ.ਬੀ.-23ਵੀ-7379 ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਜਸਵੀਰ ਸਿੰਘ ਉਰਫ ਬੰਟੀ ਅਤੇ ਗੁਰਪ੍ਰੀਤ ਸਿੰਘ ਉਰਫ ਕਾਕਾ ਵਿਰੁੱਧ ਪਹਿਲਾਂ ਵੀ ਸਰਹਿੰਦ ਤੇ ਖਮਾਣੋਂ ਵਿਖੇ ਮੁਕੱਦਮੇ ਦਰਜ਼ ਹਨ।