ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸੁਰਿੰਦਰ ਸਿੰਘ ਧਾਲੀਵਾਲ ਨੇ ਪਿੰਡ ਚੁੰਨੀ ਕਲਾਂ ਵਿਖੇ ਸਿਲਾਈ ਸੈਂਟਰ ਦਾ ਕੀਤਾ ਉਦਘਾਟਨ
ਫ਼ਤਹਿਗੜ੍ਹ ਸਾਹਿਬ ; ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੇਂਡੂ ਖੇਤਰ ਦੀਆਂ ਗਰੀਬ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸ਼ੁਰੂ ਕੀਤਾ ਗਿਆ "ਪਹਿਲ" ਪ੍ਰੋਜੈਕਟ ਦਿਹਾਤੀ ਖੇਤਰ ਦੀਆਂ ਔਰਤਾਂ ਦਾ ਆਰਥਿਕ ਪੱਧਰ ਮਜਬੂਤ ਕਰਨ ਵਿੱਚ ਸਹਾਈ ਸਿੱਧ ਹੋ ਰਿਹਾ ਹੈ ਅਤੇ ਇਸ ਪ੍ਰੋਜੈਕਟ ਨਾਲ ਜੁੜ ਕੇ ਜ਼ਿਲ੍ਹੇ ਦੀਆਂ ਕਈ ਔਰਤਾਂ ਆਪਣਾ ਅਤੇ ਆਪਣੇ ਪਰਿਵਾਰ ਦਾ ਚੰਗੇ ਢੰਗ ਨਾਲ ਪਾਲਣ ਪੋਸ਼ਣ ਕਰ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸੁਰਿੰਦਰ ਸਿੰਘ ਧਾਲੀਵਾਲ ਨੇ ਪਿੰਡ ਚੁੰਨੀ ਕਲਾਂ ਦੇ ਪੰਚਾਇਤ ਘਰ ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਸਿਲਾਈ ਸੈਂਟਰ ਦਾ ਉਦਘਾਟਨ ਕਰਨ ਮੌਕੇ ਕੀਤਾ।
ਸ. ਧਾਲੀਵਾਲ ਨੇ ਦੱਸਿਆ ਕਿ ਪਹਿਲ ਪ੍ਰੋਜੈਕਟ ਅਧੀਨ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰ ਔਰਤਾਂ ਵੱਲੋਂ ਸਟੇਟ ਤੋਂ ਮਿਲੇ 10 ਹਜ਼ਾਰ ਵਰਦੀਆਂ ਦੇ ਆਰਡਰ ਅਨੁਸਾਰ 10 ਹਜ਼ਾਰ 400 ਵਰਦੀਆਂ ਤਿਆਰ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਇਸ ਸਾਲ 28 ਹਜ਼ਾਰ 559 ਵਰਦੀਆਂ ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰਾਂ ਵੱਲੋਂ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਣਾਏ ਗਏ ਇਸ ਦੂਜੇ ਸਿਲਾਈ ਸੈਂਟਰ ਨਾਲ ਇਲਾਕੇ ਦੀਆਂ ਔਰਤਾਂ ਨੂੰ ਘਰ ਬੈਠੇ ਹੀ ਰੋਜ਼ਗਾਰ ਦਾ ਮੌਕਾ ਹਾਸਲ ਹੋਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਦੌਰ ਅੰਦਰ ਔਰਤਾਂ ਦਾ ਆਪਣੇ ਪੈਰ੍ਹਾਂ ਤੇ ਖੜ੍ਹੇ ਹੋਣਾ ਜਰੂਰੀ ਹੋ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਮੰਤਵ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿਹਾਤੀ ਖੇਤਰ ਦੀਆਂ ਔਰਤਾਂ ਨੂੰ ਆਰਿਥਕ ਪੱਖੋਂ ਮਜਬੂਤ ਕਰਨ ਲਈ ਪਹਿਲ ਪ੍ਰੋਜੈਕਟ ਦੇ ਦੂਜੇ ਪੜਾਅ ਹੇਠ ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰ ਔਰਤਾਂ ਵੱਲੋਂ ਪੰਜਾਬ ਪੁਲਿਸ ਦੀਆਂ ਵਰਦੀਆਂ ਅਤੇ ਹੋਰ ਸਰਕਾਰੀ ਵਿਭਾਗਾਂ ਦੀਆਂ ਵਰਦੀਆਂ ਬਣਾਉਣ ਸਬੰਧੀ ਵੀ ਕਾਰਵਾਈ ਜਾਰੀ ਹੈ। ਇਸ ਮੌਕੇ ਮਨਪ੍ਰੀਤ ਸਿੰਘ ਡੀ.ਪੀ.ਐਮ., ਹਰਵਿੰਦਰ ਸਿੰਘ ਐਸ.ਆਰ.ਪੀ., ਅਮਰਜੀਤ ਕੌਰ ਸੀ.ਐਲ.ਐਫ. ਮੈਨੇਜਰ ਅਤੇ ਚੁੰਨੀ ਕਲਾਂ ਦੇ ਸਰਪੰਚ ਸ. ਕੇਸਰ ਸਿੰਘ ਤੋਂ ਇਲਾਵਾ ਗਰੁੱਪ ਮੈਂਬਰ ਹਾਜਰ ਸਨ।