ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੀ ਮੀਟਿੰਗ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਉਗਰਾਹਾਂ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਚੰਡੀਗੜ੍ਹ ਵਿਖੇ ਪੰਜ ਮਾਰਚ ਤੋਂ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ,ਇਸ ਮੋਰਚੇ ਦੀ ਤਿਆਰੀ ਸੁਨਾਮ ਬਲਾਕ ਵੱਲੋਂ ਮੁਕੰਮਲ ਕਰ ਲਈ ਹੈ, ਕਿਸਾਨਾਂ ਮਜ਼ਦੂਰਾਂ ਦੀਆਂ ਅਹਿਮ ਮੰਗਾਂ ਵਿੱਚ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਖੇਤੀਬਾੜੀ ਖਰੜਾ ਵਿਧਾਨ ਸਭਾ ਵਿੱਚ ਪਾਸ ਕਰਨਾ, ਜ਼ਮੀਨਾਂ ਦੇ ਮਾਲਕੀ ਹੱਕ, ਸੰਪੂਰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਨਹਿਰੀ ਪਾਣੀ ਦਾ ਮਸਲਾ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਹੋਰ ਅਹਿਮ ਮੰਗਾਂ ਨੂੰ ਲੈਕੇ ਸੰਯੁਕਤ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਵਿੱਚ ਪੰਜ ਮਾਰਚ ਤੋਂ ਪੱਕਾ ਮੋਰਚਾ ਲੱਗ ਰਿਹਾ ਹੈ, ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂ ਸੁਖਪਾਲ ਸਿੰਘ ਮਾਣਕ ਨੇ ਦੱਸਿਆ ਕਿ ਚੰਡੀਗੜ੍ਹ ਮੋਰਚੇ ਵਿੱਚ ਸੁਨਾਮ ਬਲਾਕ ਵੱਲੋਂ 30 ਟਰਾਲੀਆਂ ਅਤੇ 35 ਬੱਸਾਂ ਦਾ ਕਾਫ਼ਲਾ ਚੰਡੀਗੜ੍ਹ ਵੱਲ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੋਰਚੇ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਪਿੰਡਾਂ ਵਿੱਚ ਲਾਮਬੰਦੀ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਰਾਮ ਸ਼ਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਮਨੀ ਸਿੰਘ ਭੈਣੀ, ਯਾਦਵਿੰਦਰ ਸਿੰਘ ਚੱਠਾ, ਮਹਿੰਦਰ ਸਿੰਘ ਨਮੋਲ,ਪਾਲ ਸਿੰਘ ਦੌਲੇਵਾਲਾ,ਲਾਲੀ ਦੌਲੇਵਾਲਾ,ਜੀਤ ਸਿੰਘ ਗੰਢੂਆਂ ਹਾਜ਼ਰ ਸਨ।