ਬਸਤੀ 'ਚ ਚਿੱਟੇ ਦਿਨ ਚਲਦੈ ਕਾਲਾ ਕਾਰੋਬਾਰ
ਪੁਲਿਸ ਵੱਲੋਂ 08 ਮੁਕੱਦਮੇ ਦਰਜ਼, 06 ਵਿਅਕਤੀ ਗ੍ਰਿਫਤਾਰ
20 ਮੋਬਾਇਲ ਫੋਨ ਕਬਜ਼ੇ ਵਿੱਚ ਲਏ, 15 ਮੋਟਰਸਾਇਕਲ ਵੀ ਕੀਤੇ ਜਬਤ
ਸੁਨਾਮ : ਨਸ਼ਿਆਂ ਦੀ ਹੱਬ ਵਜੋਂ ਜਾਣੀ ਜਾਂਦੀ ਸੁਨਾਮ ਦੀ ਇੱਕ ਗੈਰ ਕਾਨੂੰਨੀ ਢੰਗ ਨਾਲ ਸਰਕਾਰੀ ਜਗ੍ਹਾ ਤੇ ਨਜਾਇਜ਼ ਕਬਜ਼ੇ ਕਰਕੇ ਵਸੀ ਬਸਤੀ ਵਿੱਚ ਪੁਲੀਸ ਨੇ ਸ਼ਨਿੱਚਰਵਾਰ ਨੂੰ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ, ਲੇਕਿਨ ਪੁਲਿਸ ਆਉਣ ਦੀ ਭਿਣਕ ਪੈਂਦਿਆਂ ਹੀ ਨਸ਼ਾ ਤਸਕਰੀ ਦੇ ਕਥਿਤ ਧੰਦੇ ਵਿੱਚ ਲਿਪਤ ਮਹਿਲਾਵਾਂ ਆਪਣੇ ਘਰ ਛੱਡਕੇ ਨੇੜਲੀਆਂ ਥਾਂਵਾਂ ਤੇ ਬੈਠਕੇ ਸਾਰਾ ਵਰਤਾਰਾ ਦੇਖਦੀਆਂ ਦਿਖਾਈ ਦਿੱਤੀਆਂ। ਚਿੱਟੇ ਦੇ ਕਾਲੇ ਕਾਰੋਬਾਰ ਵਿਚ ਲਿਪਤ ਉਕਤ ਬਸਤੀ ਦੀਆਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੁੜੇ ਹੋਣ ਦੀਆਂ ਕਨਸੋਆਂ ਆਮ ਦੇਖਣ ਅਤੇ ਸੁਣਨ ਨੂੰ ਅਕਸਰ ਮਿਲਦੀਆਂ ਹਨ। ਇਸੇ ਦੌਰਾਨ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਚਲਾਈ ਤਲਾਸ਼ੀ ਮੁਹਿੰਮ ਦੌਰਾਨ ' ਯੁੱਧ ਨਸ਼ਿਆਂ ਵਿਰੁੱਧ ' ਤਹਿਤ ਜ਼ਿਲ੍ਹਾ ਸੰਗਰੂਰ ਦੇ “ਡਰੱਗ ਹਾਟ ਸਪਾਟ” ਏਰੀਆ ਦੀ ਸਰਚ ਦੌਰਾਨ ਐਕਸਾਇਜ ਐਕਟ ਤਹਿਤ 08 ਮੁਕੱਦਮੇ ਦਰਜ ਕਰਕੇ 06 ਕਥਿਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਤਲਾਸ਼ੀ ਮੁਹਿੰਮ ਸਬੰਧੀ ਜਾਣਕਾਰੀ ਦੇਣ ਲਈ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਸੁਨਾਮ ਸ਼ਹਿਰ ਵਿਖੇ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਇਸ ਮੁਹਿੰਮ ਦੀ ਖੁਦ ਅਗਵਾਈ ਕੀਤੀ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਉੱਤੇ ਅਧਾਰਤ ਵੱਖ-ਵੱਖ ਟੀਮਾਂ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ 20 ਮੋਬਾਇਲ ਫੋਨ ਕਬਜ਼ੇ ਵਿੱਚ ਲਏ ਗਏ ਅਤੇ 15 ਮੋਟਰਸਾਇਕਲ ਜਬਤ ਕੀਤੇ ਗਏ ਜਿਨ੍ਹਾਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਜਿਲਾ ਸੰਗਰੂਰ ਵਿੱਚ 9 ਪੁਲਿਸ ਗਜ਼ਟਿਡ ਅਫਸਰਾਂ, 06 ਇੰਸਪੈਕਟਰ/ਮੁੱਖ ਅਫਸਰਾਂ ਸਮੇਤ 325 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਡਰੱਗ ਹਾਟ ਸਪਾਟ ਏਰੀਆ ਦੀ ਸਰਚ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ। ਉਨ੍ਹਾਂ ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਪੁਲਿਸ ਦਾ ਸਾਥ ਦੇਣ ਲਈ ਅਪੀਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਨਸ਼ਿਆਂ ਖਿਲਾਫ ਜੰਗ ਜੋਸ਼ੋ ਖਰੋਸ਼ ਨਾਲ ਜਾਰੀ ਹੈ।