ਫ਼ਤਹਿਗੜ੍ਹ ਸਾਹਿਬ : ਬਸੀ ਪਠਾਣਾ ਦੇ ਵਾਰਡ ਨੰਬਰ 02 ਦੇ ਨਾਗਰਿਕਾਂ ਨੂੰ ਸੜਕ ਤੇ ਖੜੇ ਗੰਦੇ ਪਾਣੀ ਕਾਰਨ ਆ ਰਹੀ ਪਰੇਸ਼ਾਨੀ ਦਾ ਛੇਤੀ ਹੀ ਹੱਲ ਕੀਤਾ ਜਾਵੇਗਾ। ਇਹ ਜਾਣਕਾਰੀ ਜਲ ਸਪਲਾਈ ਤੇ ਸੀਵਰੇਜ ਬੋਰਡ ਤੇ ਐਸਡੀਓ ਰਜਨੀਸ਼ ਕੁਮਾਰ ਨੇ ਦਿੱਤੀ।
ਉਹਨਾਂ ਦੱਸਿਆ ਕਿ ਵਾਰਡ ਨੰਬਰ ਦੋ ਵਿਖੇ ਸੀਵਰੇਜ ਬਲਾਕ ਹੋਣ ਕਾਰਨ ਲੋਕਾਂ ਨੂੰ ਇਹ ਪਰੇਸ਼ਾਨੀ ਆਈ ਹੈ ਜਿਸ ਦਾ ਹੱਲ ਕਰਨ ਵਾਸਤੇ ਮੌਕੇ ਤੇ ਟੀਮ ਭੇਜ ਕੇ ਸਫਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਵੱਲੋਂ ਕਈ ਵਾਰ ਰਾਸਟਿਕ ਦੇ ਲਿਫਾਫਿਆਂ ਵਿੱਚ ਕੂੜਾ ਕਰਕਟ ਭਰ ਕੇ ਨਾਲੀਆਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਜੋ ਕਿ ਸੀਵਰੇਜ ਨੂੰ ਬਲਾਕ ਕਰ ਦਿੰਦਾ ਹੈ।
ਐਸਡੀਓ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇਸ ਵਾਰਡ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਟੀਮਾਂ ਲਗਾਈਆਂ ਗਈਆਂ ਹਨ ਅਤੇ ਲੋੜ ਪੈਣ ਤੇ ਟੈਂਕਰ ਰਾਹੀਂ ਵੀ ਪਾਣੀ ਕਢਵਾ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ। ਉਹਨਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਰਡਾਂ ਦੀਆਂ ਗਲੀਆਂ ਨਾਲੀਆਂ ਵਿੱਚ ਕੂੜਾ ਲਿਫਾਫਿਆਂ ਵਿੱਚ ਪਾ ਕੇ ਨਾ ਸੁੱਟਿਆ ਜਾਵੇ ਤਾਂ ਜੋ ਸੀਵਰੇਜ ਦਾ ਗੰਦਾ ਪਾਣੀ ਬਲਾਕੇਜ ਕਾਰਨ ਸੜਕਾਂ ਤੇ ਨਾ ਆ ਸਕੇ।