ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ਼ ਰਾਜਿੰਦਰ ਦੀਪਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਮਹਿਜ਼ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੇ ਨੁਮਾਇੰਦੇ ਕਥਿਤ ਤੌਰ ਤੇ ਨਸ਼ਾ ਤਸਕਰਾਂ ਨੂੰ ਸ਼ਹਿ ਦੇ ਰਹੇ ਹਨ। ਚਾਰ ਹਫ਼ਤਿਆਂ ਵਿੱਚ ਨਸ਼ਾ ਮੁਕਤ ਪੰਜਾਬ ਕਰਨ ਦਾ ਦਾਅਵਾ ਕਰਕੇ ਸੱਤਾ ਵਿਚ ਆਈ ਭਗਵੰਤ ਮਾਨ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਏ ਗਏ ਹਨ। ਐਤਵਾਰ ਨੂੰ ਸੁਨਾਮ ਵਿਖੇ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਰਾਜਿੰਦਰ ਦੀਪਾ ਨੇ ਕਿਹਾ ਕਿ ਲੰਘੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਹਜ਼ਾਰਾਂ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ ਲੇਕਿਨ ਪਬਲੀਸਿਟੀ ਤੋਂ ਸਿਵਾਏ ਕੁੱਝ ਪੱਲੇ ਨਹੀਂ ਪਿਆ। ਉਨ੍ਹਾਂ ਆਖਿਆ ਕਿ ਲੋਕਾਂ ਵੱਲੋਂ ਚੁਣੇ ਸਰਕਾਰ ਦੇ ਨੁਮਾਇੰਦਿਆਂ ਦੀ ਕਥਿਤ ਸ਼ਹਿ ਤੇ ਨਸ਼ਾ ਤਸਕਰੀ ਦਾ ਕਾਲਾ ਕਾਰੋਬਾਰ ਜ਼ੋਰਾਂ ਤੇ ਚੱਲ ਰਿਹਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ। ਅਕਾਲੀ ਆਗੂ ਰਾਜਿੰਦਰ ਦੀਪਾ ਨੇ ਕਿਹਾ ਕਿ ਸਰਕਾਰ ਦੇ ਮੰਤਰੀ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਰਹੇ ਹਨ। ਉਨ੍ਹਾਂ ਨਸ਼ਿਆਂ ਖ਼ਿਲਾਫ਼ ਸੁਨਾਮ ਅੰਦਰ ਕੀਤੀ ਤਲਾਸ਼ੀ ਮੁਹਿੰਮ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੁਲਿਸ ਦੀ ਆਮਦ ਤੋਂ ਪਹਿਲਾਂ ਹੀ ਮਾੜੇ ਲੋਕ ਘਰਾਂ ਚੋਂ ਫ਼ਰਾਰ ਹੋ ਗਏ ਸਨ, ਸਿਰਫ਼ ਇੱਕਾ ਦੁੱਕਾ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਖ਼ਾਨਾ ਪੂਰਤੀ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋ ਸਾਲ ਬਾਅਦ ਪੰਜਾਬ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਲੋਕ ਆਮ ਆਦਮੀ ਪਾਰਟੀ ਦਾ ਦਿੱਲੀ ਵਰਗਾ ਹਾਲ ਕਰ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਾ ਉਤਰਨ ਕਾਰਨ ਦਿੱਲੀ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਹਰਾ ਦਿੱਤਾ ਹੈ ਅਜਿਹਾ ਹਾਲ ਪੰਜਾਬ ਵਿੱਚ ਵੀ ਹੋਵੇਗਾ।